ਸਿਹਤ ਪ੍ਰਣਾਲੀ ਅਤੇ ਵਿਗਿਆਨਕ ਸੋਚ
ਡਾ. ਅਰੁਣ ਮਿੱਤਰਾ
ਉੱਤਰਾਖੰਡ ਦੀ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ‘ਯੋਗ ਗੁਰੂ’ ਰਾਮਦੇਵ ਦੀ ਕੰਪਨੀ ‘ਪਤੰਜਲੀ ਆਯੁਰਵੈਦ’ ਵਿਰੁੱਧ ਢਿੱਲੀ ਕਾਰਵਾਈ ਕਰ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਹੈਰਾਨੀ ਵਾਲੀ ਗੱਲ ਨਹੀਂ। ਭਾਰਤੀ ਸਟੇਟ ਬੈਂਕ ਵੱਲੋਂ 6 ਮਾਰਚ ਤੱਕ ਚੋਣ ਬਾਂਡ ਦੇ ਵੇਰਵੇ ਜਮ੍ਹਾਂ ਕਰਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨਾ ਨਿਆਂਪਾਲਿਕਾ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸਿ਼ਸ਼ਾਂ ਦਾ ਪ੍ਰਤੀਬਿੰਬ ਹੈ। ਇਹ ਮੰਨਣਾ ਬੇਵਕੂਫੀ ਹੋਵੇਗੀ ਕਿ ਇਹ ਸੰਸਥਾਵਾਂ ਆਪਣੇ ਤੌਰ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ। ਭਾਰਤ ਸਰਕਾਰ ਵਿੱਚ ਉੱਚ ਉਹਦਿਆਂ ’ਤੇ ਬੈਠੇ ਆਗੂਆਂ ਦੀ ਸਰਪ੍ਰਸਤੀ ਤੋਂ ਬਿਨਾਂ ਇਸ ਪੱਧਰ ਦੇ ਅਧਿਕਾਰੀ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਨਗੇ।
ਪਤੰਜਲੀ ਲੰਮੇ ਸਮੇਂ ਤੋਂ ਗੁਮਰਾਹਕੁਨ ਬਿਆਨ ਜਾਰੀ ਕਰਦੀ ਰਹੀ ਹੈ ਅਤੇ ਬਿਨਾਂ ਕਿਸੇ ਸਬੂਤ ਦੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦਾ ਦਾਅਵਾ ਕਰਦੀ ਰਹੀ ਹੈ। ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ-1954 ਅਨੁਸਾਰ, “ਕੋਈ ਵੀ ਸ਼ਖ਼ਸ ਕਿਸੇ ਵੀ ਦਵਾਈ ਦਾ ਹਵਾਲਾ ਦੇਣ ਵਾਲੇ ਕਿਸੇ ਵੀ ਇਸ਼ਤਿਹਾਰ ਦੇ ਪ੍ਰਕਾਸ਼ਨ ਵਿੱਚ ਹਿੱਸਾ ਨਹੀਂ ਲਵੇਗਾ ਜੋ ਉਸ ਦਵਾਈ ਦੀ ਜਾਂਚ, ਇਲਾਜ ਲਈ ਉਸ ਦਵਾਈ ਦੀ ਵਰਤੋਂ ਕਰਨ ਲਈ, ਕਿਸੇ ਵੀ ਬਿਮਾਰੀ, ਵਿਗਾੜ ਜਾਂ ਸਥਿਤੀ ਨੂੰ ਘਟਾਉਣਾ, ਇਲਾਜ ਜਾਂ ਰੋਕਥਾਮ ਦਾ ਸੁਝਾਅ ਦਿੰਦਾ ਹੋਵੇ ਜਾਂ ਗਿਣਿਆ ਜਾਂਦਾ ਹੋਵੇ।” ਸੁਪਰੀਮ ਕੋਰਟ ਨੇ ਗੁਮਰਾਹਕੁਨ ਇਸ਼ਤਿਹਾਰਾਂ ਲਈ ਪਤੰਜਲੀ ਦੇ ਖਿਲਾਫ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਟਿੱਪਣੀ ਕੀਤੀ ਕਿ ਪਤੰਜਲੀ ਦੇ ਇਸ਼ਤਿਹਾਰ ਲੋਕਾਂ ਨੂੰ ‘ਸਥਾਈ ਰਾਹਤ’ ਵਜੋਂ ਆਪਣੇ ਉਤਪਾਦ ਪੇਸ਼ ਕਰਦੇ ਹਨ ਜੋ ‘ਗੁਮਰਾਹਕੁਨ’ ਅਤੇ ‘ਕਾਨੂੰਨ ਦੀ ਉਲੰਘਣਾ’ ਹੈ। ਅਦਾਲਤ ਨੇ ਡਰੱਗਜ਼
ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ-1954 ਅਤੇ ਇਸ ਦੇ ਨਿਯਮਾਂ ਦੇ ਉਪਬੰਧਾਂ ਦਾ ਹਵਾਲਾ ਦਿੱਤਾ।
ਰਾਮਦੇਵ ਦੇ ਸਰਕਾਰ ਦੇ ਉੱਚ ਆਗੂਆਂ ਨਾਲ ਸਬੰਧ ਲੁਕਵੇਂ ਨਹੀਂ ਹਨ। ਜਦੋਂ ਉਸ ਨੇ ਕੋਵਿਡ-19 ਦੇ ਇਲਾਜ ਲਈ ਆਪਣੀ ਕੰਪਨੀ ਦੁਆਰਾ ਤਿਆਰ ਕੀਤੀ ਦਵਾਈ ਕੋਰੋਨਿਲ ਦੀ ਭੂਮਿਕਾ ਨੂੰ ਉਜਾਗਰ ਕੀਤਾ ਤਾਂ ਇਹ ਕੋਈ ਹੋਰ ਨਹੀਂ ਬਲਕਿ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਸਨ ਜੋ ਆਧੁਨਿਕ ਦਵਾਈ ਪ੍ਰਣਾਲੀ ਵਿੱਚ ਸਿਖਲਾਈ ਪ੍ਰਾਪਤ ਈਐੱਨਟੀ ਸਰਜਨ ਹਨ ਜਿਨ੍ਹਾਂ ਨੇ ਕੋਰੋਨਿਲ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਰਾਮਦੇਵ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ; ਕੋਰੋਨਿਲ ਦੀ ਪ੍ਰਭਾਵਸ਼ੀਲਤਾ ਨੂੰ ਸਾਬਤ ਕਰਨ ਲਈ ਭਾਵੇਂ ਕੋਈ ਵਿਗਿਆਨਕ ਸਬੂਤ ਨਹੀਂ ਸੀ ਪਰ ਇਸ ਨੇ ਪਤੰਜਲੀ ਸਮੂਹ ਨੂੰ ਆਪਣੇ ਉਤਪਾਦਾਂ ਬਾਰੇ ਹੋਰ ਗੁਮਰਾਹਕੁਨ ਬਿਆਨ ਜਾਰੀ ਕਰਨ ਦੀ ਤਾਕਤ ਦਿੱਤੀ। ਉਹ ਕਈ ਬਿਮਾਰੀਆਂ ਦੇ ਜਾਦੂਈ ਉਪਚਾਰ ਪ੍ਰਚਾਰਦੇ ਹਨ। ਉਨ੍ਹਾਂ ਅਨੇਕਾਂ ਵਾਰ ਆਧੁਨਿਕ ਵਿਗਿਆਨਕ ਚਿਕਿਤਸਾ ਪ੍ਰਣਾਲੀ ਦਾ ਖੁੱਲ੍ਹੇਆਮ ਮਜ਼ਾਕ ਉਡਾਇਆ; ਇਥੋਂ ਤੱਕ ਕਿ ਕੋਵਿਡ-19 ਦੌਰਾਨ ਮਰੀਜ਼ਾਂ ਦੀ ਮੌਤ ਦੇ ਕਾਰਨ ਵਜੋਂ ਆਕਸੀਜਨ ਦੀ ਵਰਤੋਂ ਨੂੰ ਵੀ ਜਿ਼ੰਮੇਵਾਰ ਠਹਿਰਾਇਆ।
ਯੋਗ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਦਾ ਸਾਡਾ ਪ੍ਰਾਚੀਨ ਤਰੀਕਾ ਰਿਹਾ ਹੈ ਪਰ ਇਹ ਕਹਿਣਾ ਕਿ ਇਹ ਮਾਨਸਿਕ ਸਿਹਤ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਦਾ ਇਲਾਜ ਹੈ, ਸਹੀ ਨਹੀਂ ਹੈ। ਮਾਨਸਿਕ ਰੋਗ ਸਿਹਤ ਲਈ ਗੰਭੀਰ ਖ਼ਤਰਾ ਹਨ ਜਿਨ੍ਹਾਂ ਦਾ ਮਾਹਿਰਾਂ ਦੁਆਰਾ ਬਹੁਤ ਸਟੀਕ ਢੰਗ-ਤਰੀਕਿਆਂ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਡਿਪਰੈਸ਼ਨ ਅਤੇ ਆਤਮ-ਹੱਤਿਆ ਦੀਆਂ ਪ੍ਰਵਿਰਤੀਆਂ ਵਧਣ ਦੇ ਨਾਲ ਅਜਿਹੀਆਂ ਬਿਮਾਰੀਆਂ ਦੇ ਇਲਾਜ ਦੇ ਉੱਨਤ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ। ਯੋਗ ਵਰਗੇ ਤਰੀਕਿਆਂ ਦਾ ਪ੍ਰਚਾਰ ਹੋਰ ਭੰਬਲਭੂਸਾ ਪੈਦਾ ਕਰੇਗਾ ਅਤੇ ਲੋੜਵੰਦਾਂ ਲਈ ਸਮੇਂ ਸਿਰ ਵਿਗਿਆਨਕ ਦੇਖਭਾਲ ਵਿੱਚ ਵਿਘਨ ਪਵੇਗਾ। ਆਧੁਨਿਕ ਦਵਾਈ ਪ੍ਰਣਾਲੀ ਸਾਨੂੰ ਆਤਮ-ਹੱਤਿਆ ਦੇ ਜੋਖ਼ਮ, ਇਸ ਦੀ ਸ਼ਨਾਖ਼ਤ ਤੇ ਪ੍ਰਬੰਧਨ, ਸੰਕਟਕਾਲੀਨ ਦੇਖਭਾਲ ਸਮੇਤ ਅਣਗਿਣਤ ਸਰੋਤਾਂ ਬਾਰੇ ਦੱਸਦੀ ਹੈ।
ਡਾਕਟਰੀ ਵਿਗਿਆਨ ਅਤੇ ਸੂਚਨਾ ਵਿਧੀ ਵਿੱਚ ਕਈ ਤਰੱਕੀਆਂ ਦੇ ਬਾਵਜੂਦ ਸਾਡੇ ਦੇਸ਼ ਵਿੱਚ ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਕਈ ਮਿੱਥ ਅਤੇ ਗੈਰ-ਵਿਗਿਆਨਕ ਸੋਚ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰ ਨਾ ਸਿਰਫ਼ ਸਿਹਤ ਸਬੰਧੀ ਤਰਕਹੀਣ ਵਿਚਾਰਾਂ ਪ੍ਰਤੀ ਉਦਾਸੀਨ ਹੈ ਸਗੋਂ ਇਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਲਾਜ ਦੇ ਰਵਾਇਤੀ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਂ ’ਤੇ ਕੁਝ ਬੇਤੁਕੇ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਗਊ ਮੂਤਰ ਦੀ ਵਰਤੋਂ, ਹਸਪਤਾਲਾਂ ਵਿੱਚ ਜੋਤਿਸ਼, ਅਰੋਗਿਆ ਭਾਰਤੀ ਦੁਆਰਾ ‘ਗਰਭ ਵਿਗਿਆਨ ਸੰਸਕਾਰ’ ਜੋੜਿਆਂ ਨੂੰ ਸ਼ਲੋਕਾਂ ਦਾ ਪਾਠ ਕਰਨ ਦੀ ਸਲਾਹ ਦਿੰਦਾ ਹੈ ਤਾਂ ਜੋ ਉਹ ਪਸੰਦ ਦੇ ਬੱਚੇ ਪੈਦਾ ਕਰ ਸਕਣ ਆਦਿ ਕੁਝ ਉਦਾਹਰਨਾਂ ਹਨ। ਇੱਥੋਂ ਤੱਕ ਕਿ ਕੁਝ ਮੰਤਰੀਆਂ ਨੂੰ ਗੁਜਰਾਤ ਵਿੱਚ ‘ਤਾਂਤਰਿਕਾਂ’ ਦੀ ਕਾਨਫਰੰਸ ਵਿੱਚ ਸਿ਼ਰਕਤ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਵੀ ਦੇਖਿਆ ਗਿਆ ਹੈ।
ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਇੰਟਰਵਿਊ ਵਿੱਚ ਕਿਹਾ ਕਿ ਉਹ ਗਊ ਮੂਤਰ ਨਾਲ ਛਾਤੀ ਦੇ ਕੈਂਸਰ ਤੋਂ ਠੀਕ ਹੋ ਗਈ ਹੈ। ਗਊ ਮੂਤਰ ਅਤੇ ਗੋਬਰ ਨੂੰ ਨਾ ਸਿਰਫ਼ ਕੋਵਿਡ-19 ਬਲਕਿ ਕਈ ਹੋਰ ਬਿਮਾਰੀਆਂ ਦੇ ਇਲਾਜ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਗਾਂ ਦੇ ਗੋਹੇ ਨੂੰ ਮਨੁੱਖੀ ਸਰੀਰ ’ਤੇ ਪਰਮਾਣੂ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਵੀ ਦੱਸਿਆ ਜਾ ਰਿਹਾ ਹੈ। ਇੱਕ ਗ੍ਰਾਮ ਸੁੱਕੇ ਗੋਹੇ ਨੂੰ 109 Hz ਗੀਗਾ ਰੇਡੀਏਸ਼ਨ ਦਾ ਮੁਕਾਬਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹੀ ਨਹੀਂ, ਗਾਂ ਦੇ ਦੁੱਧ, ਮੂਤਰ, ਗੋਬਰ, ਘਿਓ ਅਤੇ ਦਹੀਂ ਦੇ ਮਿਸ਼ਰਨ ਵਾਲੇ ਪੰਚਗਵਯ ਦੇ ਲਾਭਾਂ ਵਿੱਚ ਜਾਣ ਲਈ ਆਈਆਈਟੀ ਵਿੱਚ ਵਿਸ਼ੇਸ਼ ਖੋਜ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਲਈ ਕਿਸੇ ਸਪੱਸ਼ਟੀਕਰਨ ਦੀ ਲੋੜ ਨਹੀਂ ਹੈ ਕਿ ਜੋ ਵੀ ਚੀਜ਼ ਸਰੀਰ ਦੁਆਰਾ ਬਾਹਰ ਕੱਢੀ ਗਈ ਹੈ, ਉਹ ਫਾਲਤੂ ਉਤਪਾਦ ਹੈ ਅਤੇ ਇਸ ਲਈ ਸਾਡੇ ਸਰੀਰ ਲਈ ਉਪਯੋਗੀ ਨਹੀਂ ਹੋ ਸਕਦੀ। ਅਜਿਹੀਆਂ ਗੱਲਾਂ ਨਾਲ ਲੋਕਾਂ ਦੇ ਮਨਾਂ ਵਿੱਚ ਗਲਤ ਧਾਰਨਾਵਾਂ ਪੈਦਾ ਹੁੰਦੀਆਂ ਹਨ ਅਤੇ ਗੈਰ-ਵਿਗਿਆਨਕ ਸੋਚ ਦਾ ਪਸਾਰ ਹੁੰਦਾ ਹੈ।
2014 ਵਿੱਚ ਮੁੰਬਈ ਵਿੱਚ ਡਾਕਟਰਾਂ ਦੇ ਇਕੱਠ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਵਿੱਚ ਪ੍ਰਾਚੀਨ ਕਾਲ ਵਿੱਚ ਵਿਗਿਆਨ ਇੰਨਾ ਵਿਕਸਿਤ ਸੀ ਕਿ ਅਸੀਂ ਹਾਥੀ ਦਾ ਸਿਰ ਮਨੁੱਖੀ ਸਰੀਰ ਉੱਤੇ ਟਰਾਂਸਪਲਾਂਟ ਕਰ ਸਕਦੇ ਸਾਂ; ਇਹ ਕਿ ਮਹਾਭਾਰਤ ਦਾ ਕਰਨ ਕੰਨ ਤੋਂ ਪੈਦਾ ਹੋਇਆ ਸੀ ਜੋ ਸੁਝਾਅ ਦਿੰਦਾ ਹੈ ਕਿ ਸਾਡੇ ਪ੍ਰਾਚੀਨ ਅਤੀਤ ਵਿੱਚ ਜੈਨੇਟਿਕ ਵਿਗਿਆਨ ਬਹੁਤ ਵਿਕਸਤ ਸੀ। ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਾਗੇਸ਼ਵਰ ਰਾਓ ਨੇ 2019 ਵਿੱਚ ਜਲੰਧਰ ਵਿੱਚ ਹੋਈ ਇੰਡੀਅਨ ਸਾਇੰਸ ਕਾਂਗਰਸ ਵਿੱਚ ਕਿਹਾ ਕਿ ਕੌਰਵਾਂ ਦਾ ਜਨਮ ਸਟੈੱਮ ਸੈੱਲ ਖੋਜ ਤੋਂ ਹੋਇਆ ਸੀ।
ਇਸ ਲਈ ਜਦੋਂ ਪਤੰਜਲੀ ਦੀ ਗੱਲ ਆਉਂਦੀ ਹੈ ਤਾਂ ਇਹ ਲੋੜੀਂਦਾ ਹੈ ਕਿ ਬੇਤੁਕੇ ਵਿਚਾਰ ਫੈਲਾਉਣ ਜਾਂ ਸਰਪ੍ਰਸਤੀ ਦੇਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਤਰਕਸ਼ੀਲ ਸੋਚ ਵਾਲੇ ਲੋਕਾਂ ਦੇ ਨਾਲ-ਨਾਲ ਡਾਕਟਰੀ ਪੇਸ਼ੇਵਰਾਂ ਅਤੇ ਵਿਗਿਆਨੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਦੇਸ਼ ਨੂੰ ਮੱਧਯੁੱਗੀ ਦੌਰ ਵੱਲ ਧੱਕੇ ਜਾਣ ਤੋਂ ਬਚਾਉਣ ਲਈ ਅਜਿਹੇ ਨਕਲੀ ਵਿਗਿਆਨ ਦਾ ਟਾਕਰਾ ਕਰਨ। ਸਿਹਤ ਸੰਭਾਲ ਨੂੰ ਵਿਸ਼ਵਾਸ ਪ੍ਰਣਾਲੀ ’ਤੇ ਨਹੀਂ ਛੱਡਿਆ ਜਾ ਸਕਦਾ।
ਸੰਪਰਕ: 94170-00360