ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਹਸਪਤਾਲਾਂ ਵਿੱਚ ਦੂਜੇ ਦਿਨ ਠੱਪ ਰਹੀਆਂ ਸਿਹਤ ਸੇਵਾਵਾਂ

10:29 AM Sep 11, 2024 IST
ਸੰਗਰੂਰ ਦੇ ਸਿਵਲ ਹਸਪਤਾਲ ’ਚ ਮੁਜ਼ਾਹਰਾ ਕਰਦੇ ਹੋਏ ਡਾਕਟਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਸਤੰਬਰ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਵੱਲੋਂ ਅੱਜ ਦੂਜੇ ਦਿਨ ਵੀ ਤਿੰਨ ਘੰਟੇ ਲਈ ਓਪੀਡੀ ਸੇਵਾਵਾਂ ਠੱਪ ਕਰਕੇ ਸਿਵਲ ਹਸਪਤਾਲ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਮਰੀਜ਼ਾਂ ਨੇ ਵੀ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਭਲਕੇ ਤੀਜੇ ਦਿਨ ਵੀ ਤਿੰਨ ਘੰਟੇ ਦੀ ਹੜਤਾਲ ਕਾਰਨ ਓਪੀਡੀ ਸੇਵਾਵਾਂ ਠੱਪ ਰਹਿਣਗੀਆਂ। ਅੱਜ ਦੂਜੇ ਦਿਨ ਵੀ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਮਰੀਜ਼ ਡਾਕਟਰਾਂ ਨੂੰ ਉਡੀਕਦੇ ਰਹੇ। ਸਿਵਲ ਹਸਪਤਾਲ ਵਿਚ ਦੂਜੇ ਦਿਨ ਰੋਸ ਮੁਜ਼ਾਹਰੇ ਵਿਚ ਡਾ. ਬਲਜੀਤ ਸਿੰਘ, ਇੰਦਰਮਨਜੋਤ ਸਿੰਘ, ਡਾ. ਦਿਨੇਸ਼, ਡਾ. ਰਾਹੁਲ, ਡਾ. ਹਰਬੰਸ ਸਿੰਘ, ਡਾ. ਦੀਪਕ, ਡਾ. ਇਸ਼ਾਨ, ਡਾ. ਹਰਪ੍ਰੀਤ ਸਿੰਘ, ਡਾ. ਦਵਿੰਦਰ, ਡਾ. ਪੂਨਮ, ਡਾ. ਸ਼ਵੀਨਾ, ਡਾ. ਰਾਵਿੰਦਰ ਪਾਲ, ਡਾ. ਵਰਿੰਦਰ ਸਿੰਘ, ਡਾ. ਕਪਿਲ ਅਤੇ ਡਾ. ਸੰਜੀਵ ਸ਼ਾਮਲ ਹੋਏ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਇਲਾਵਾ ਡਾਕਟਰਾਂ ਦੀਆਂ ਸਮਾਂਬੱਧ ਤਰੱਕੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਭਲਕੇ ਐਸੋਸੀਏਸ਼ਨ ਦੀ ਵਿੱਤ ਵਿਭਾਗ ਨਾਲ ਮੀਟਿੰਗ ਹੋ ਰਹੀ ਹੈ ਜਿਸ ਵਿਚ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਤੁਰੰਤ ਲਾਗੂ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਡਾਕਟਰਾਂ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਪੀਸੀਐੱਮਐੱਸਏ ਦੇ ਸੱਦੇ ’ਤੇ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਡਾਕਟਰਾਂ ਨੇ ਸਵੇਰੇ 8 ਵਜੇ ਤੋਂ ਗਿਆਰਾਂ ਵਜੇ ਤੱਕ ਓਪੀਡੀ ਸੇਵਾਵਾਂ ਨੂੰ ਮੁਅੱਤਲ ਰੱਖੀਆਂ। ਡਾਕਟਰਾਂ ਨੇ ਮੰਗ ਕੀਤੀ ਕਿ ਏ.ਸੀ.ਪੀ. ਸਕੀਮ ਨੂੰ ਬਹਾਲ ਕੀਤਾ ਜਾਵੇ, ਡਾਕਟਰਾਂ ਅਤੇ ਸਟਾਫ਼ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਐਕਟ ਲਾਗੂ ਕੀਤਾ ਜਾਵੇ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਅੱਜ ਦੂਜੇ ਦਿਨ ਵੀ ਤਿੰਨ ਘੰਟੇ ਹੜਤਾਲ ਜਾਰੀ ਰਹੀ। ਇਸ ਦੌਰਾਨ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰਹੀਆਂ। ਹੜਤਾਲ ਦਾ ਇਹ ਅਸਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਵੀ ਵੇਖਣ ਨੂੰ ਮਿਲਿਆ ਪਰ ਮੰਤਰੀ ਦੇ ਹੋਰਾਂ ਦੇ ਦਖਲ ਤਹਿਤ ਪਟਿਆਲਾ ਵਿਚ ਸਥਿਤ ਉਤਰੀ ਭਾਰਤ ਪੱਧਰਾ ਰਾਜਿੰਦਰਾ ਹਸਪਤਾਲ ਅੱਜ ਦੂਜੇ ਦਿਨ ਵੀ ਇਸ ਹੜਤਾਲ ਤੋਂ ਸੁਰਖਰੂ ਰਿਹਾ। ਜਦਕਿ ਮਾਤਾ ਕੁਸ਼ੱਲਿਆ ਜ਼ਿਲ੍ਹਾ ਹਸਪਤਾਲ ਸਮੇਤ ਸ਼ਹਿਰ ਅਤੇ ਜ਼ਿਲ੍ਹੇ ਵਿਚਲੇ ਹੋਰ ਸਰਕਾਰੀ ਹਸਪਤਾਲ ਤੇ ਸਿਹਤ ਕੇਂਦਰਾਂ ਵਿਚ ਐਸੋਸੀਏਸ਼ਨ ਦੀ ਪਟਿਆਲਾ ਯੂਨਿਟ ਦੇ ਪ੍ਰਧਾਨ ਡਾ. ਸੁਮੀਤ ਸਿੰਘ ਤੇ ਹੋਰਾਂ ਦੀ ਅਗਵਾਈ ਹੇਠਾਂ ਤਿੰਨ ਘੰਟੇ ਸੇਵਾਵਾਂ ਠੱਪ ਰਹੀਆਂ। ਸਿਹਤ ਸੇਵਾਵਾਂ ਠੱਪ ਰਹਿਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਪਰੇਸ਼ਨਾਂ ਲਈ ਤਰੀਕਾਂ ਅੱਗੇ ਪੈ ਗਈਆਂ। ਦੂਜੇ ਪਾਸੇ ਮਰੀਜ਼ਾਂ ਨੂੰ ਹੜਤਾਲ ਬਾਰੇ ਜਾਣਕਾਰੀ ਨਾ ਹੋਣ ਕਾਰਨ ਅੱਜ ਦੂਜੇ ਦਿਨ ਵੀ ਹਸਪਤਾਲਾਂ ’ਚ ਮਰੀਜ਼ਾਂ ਦੀ ਭੀੜ ਰਹੀ ਤੇ ਡਾਕਟਰਾਂ ਨੇ ਸਰਕਾਰ ਦੀ ਬੇਰੁਖੀ ਸਬੰਧੀ ਆਪਣੀਆਂ ਮੰਗਾਂ ਮਰੀਜ਼ਾਂ ਨਾਲ ਸਾਂਝੀਆਂ ਕੀਤੀਆਂ।

Advertisement

Advertisement