For the best experience, open
https://m.punjabitribuneonline.com
on your mobile browser.
Advertisement

ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ

07:36 AM Aug 18, 2024 IST
ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ
ਕੋਲਕਾਤਾ ’ਚ ਆਪਣੇ ਪਿਤਾ ਨੂੰ ਕਿਸੇ ਹੋਰ ਹਸਪਤਾਲ ’ਚ ਲਿਜਾਂਦਾ ਹੋਇਆ ਵਿਅਕਤੀ। -ਫੋਟੋ: ਰਾਇਟਰਜ਼
Advertisement

ਕੋਲਕਾਤਾ, 17 ਅਗਸਤ
ਕੋਲਕਾਤਾ ਸਥਿਤ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਇੱਕ ਮਹਿਲਾ ਡਾਕਟਰ ਨਾਲ ਕਥਿਤ ਜਬਰ ਜਨਾਹ ਤੇ ਉਸ ਦੀ ਹੱਤਿਆ ਮਾਮਲੇ ’ਚ ਪੁੱਛ-ਪੜਤਾਲ ਲਈ ਅੱਜ ਲਗਾਤਾਰ ਦੂਜੇ ਦਿਨ ਸੀਬੀਆਈ ਸਾਹਮਣੇ ਪੇਸ਼ ਹੋਏ। ਬੀਤੇ ਦਿਨ ਕੇਂਦਰੀ ਏਜੰਸੀ ਸਾਬਕਾ ਪ੍ਰਿੰਸੀਪਲ ਨੂੰ ਪੁੱਛ-ਪੜਤਾਲ ਲਈ ਆਪਣੇ ਨਾਲ ਲੈ ਗਈ ਸੀ ਅਤੇ ਦੇਰ ਰਾਤ 1.40 ਵਜੇ ਤੱਕ ਪੁੱਛ-ਪੜਤਾਲ ਕੀਤੀ ਸੀ। ਇਸੇ ਦੌਰਾਨ ਇਸ ਮਾਮਲੇ ’ਚ ਹੜਤਾਲ ’ਤੇ ਬੈਠੇ ਡਾਕਟਰਾਂ ਕਾਰਨ ਦੇਸ਼ ਭਰ ’ਚ ਸਿਹਤ ਸੇਵਾਵਾਂ ਪ੍ਰਭਾਵਿਤ ਰਹੀਆਂ।
ਇੱਕ ਅਧਿਕਾਰੀ ਨੇ ਦੱਸਿਆ ਕਿ ਘੋਸ਼ ਨੂੰ ਇੱਥੇ ‘ਸੀਜੀਓ ਕੰਪਲੈਕਸ’ ਸਥਿਤ ਸੀਬੀਆਈ ਦਫ਼ਤਰ ਦੇ ਇੱਕ ਕਮਰੇ ’ਚ ਰਾਤ ਸਾਢੇ ਨੌਂ ਵਜੇ ਤੱਕ ਬਿਠਾਇਆ ਗਿਆ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਗਈ। ਘੋਸ਼ ਦੂਜੀ ਵਾਰ ਪੁੱਛ ਪੜਤਾਲ ਲਈ ਅੱਜ ਸਵੇਰੇ ਸਾਢੇ ਦਸ ਵਜੇ ਤੋਂ ਕੁਝ ਸਮਾਂ ਪਹਿਲਾਂ ਸੀਬੀਆਈ ਦਫ਼ਤਰ ਪੁੱਜੇ। ਅਧਿਕਾਰੀ ਨੇ ਦੱਸਿਆ ਕਿ ਪੁੱਛ ਪੜਤਾਲ ਦੇ ਪਹਿਲੇ ਦੌਰ ’ਚ ਸਾਬਕਾ ਪ੍ਰਿੰਸੀਪਲ ਘੋਸ਼ ਤੋਂ ਮਹਿਲਾ ਡਾਕਟਰ ਦੀ ਮੌਤ ਦੀ ਖ਼ਬਰ ਮਿਲਣ ਮਗਰੋਂ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰਨ ਦਾ ਨਿਰਦੇਸ਼ ਕਿਸ ਨੇ ਦਿੱਤਾ ਸੀ ਅਤੇ ਕਿਵੇਂ ਤੇ ਕਿਸ ਨੇ ਪੁਲੀਸ ਨਾਲ ਸੰਪਰਕ ਕੀਤਾ ਸੀ। ਅਧਿਕਾਰੀ ਨੇ ਦੱਸਿਆ, ‘ਕੁਝ ਜਵਾਬ ਗੋਲਮੋਲ ਦਿੱਤੇ ਗਏ ਸਨ।’ ਉਨ੍ਹਾਂ ਦੱਸਿਆ ਕਿ ਘੋਸ਼ ਤੋਂ ਲੰਘੀ ਦੇਰ ਰਾਤ ਤੱਕ ਪੁੱਛ ਪੜਤਾਲ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਘੋਸ਼ ਨੂੰ ਅੱਜ ਸਵੇਰੇ ਮੁੜ ਸੱਦਿਆ ਗਿਆ। ਅਧਿਕਾਰੀ ਅਨੁਸਾਰ ਘੋਸ਼ ਤੋਂ ਹਫ਼ਤਾਵਾਰੀ ਰੋਸਟਰ ਬਾਰੇ ਵੀ ਪੁੱਛਿਆ ਗਿਆ ਜਿਸ ਅਨੁਸਾਰ ਪੀੜਤਾ ਦੀ 36 ਘੰਟੇ ਜਾਂ ਕਦੀ-ਕਦੀ 48 ਘੰਟਿਆਂ ਤੱਕ ਦੀ ਡਿਊਟੀ ਲਗਾਈ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਨੇ ਤਕਰੀਬਨ 40 ਜਣਿਆਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।
ਦੂਜੇ ਪਾਸੇ ਇਸ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਅੱਜ ਵੀ ਜਾਰੀ ਰਹੇ, ਜਿਸ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਪ੍ਰਦਰਸ਼ਨ ’ਚ ਸ਼ਾਮਲ ਇੱਕ ਡਾਕਟਰ ਨੇ ਕਿਹਾ, ‘ਸਾਡਾ ਰੋਸ ਮੁਜ਼ਾਹਰਾ ਜਾਰੀ ਰਹੇਗਾ। ਮੰਗਾਂ ਮਨਵਾਉਣ ਦਾ ਇਹੀ ਇੱਕ ਢੰਗ ਹੈ। ਪੁਲੀਸ ਦੀ ਮੌਜੂਦਗੀ ’ਚ ਲੋਕ ਹਸਪਤਾਲ ਅੰਦਰ ਕਿਸ ਤਰ੍ਹਾਂ ਦਾਖਲ ਹੋ ਸਕਦੇ ਹਨ ਅਤੇ ਸਾਡੇ ’ਤੇ ਹਮਲਾ ਕਰ ਸਕਦੇ ਹਨ? ਅਸੀਂ ਭੰਨ-ਤੋੜ ਦਾ ਅਸਲ ਮਕਸਦ ਸਮਝਦੇ ਹਾਂ।’ ਇਸੇ ਤਰ੍ਹਾਂ ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਚ ਵੀ ਡਾਕਟਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। -ਪੀਟੀਆਈ

ਹੋਰਨਾਂ ਮੁਲਕਾਂ ਤੋਂ ਵੀ ਸੰਘਰਸ਼ ਨੂੰ ਹਮਾਇਤ

ਕੋਲਕਾਤਾ ਵਿੱਚ ਰੋਸ ਮਾਰਚ ਕਰਦੇ ਹੋਏ ਡਾਕਟਰ। -ਫੋਟੋ: ਏਐੱਨਆਈ

ਢਾਕਾ/ਲੰਡਨ: ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੁਆਂਢੀ ਮੁਲਕ ਭਾਰਤ ’ਚ ਕੋਲਕਾਤਾ ਦੇ ਮੈਡੀਕਲ ਕਾਲਜ ’ਚ ਟਰੇਨੀ ਡਾਕਟਰ ਦੀ ਜਬਰ ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਚੱਲ ਰਹੇ ਰੋਸ ਮੁਜ਼ਾਹਰਿਆਂ ’ਚ ਸ਼ਾਮਲ ਹੋ ਕੇ ਇਕਜੁੱਟਤਾ ਜ਼ਾਹਿਰ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਯੂਨੀਵਰਸਿਟੀਆਂ ਨੇ ਅੱਜ ਇਸ ਘਟਨਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਹੈ। ਇਸੇ ਤਰ੍ਹਾਂ ਬਰਤਾਨੀਆ ’ਚ ਭਾਰਤੀ ਡਾਕਟਰਾਂ ਤੇ ਮੈਡੀਕਲ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਖੁੱਲ੍ਹਾ ਪੱਤਰ ਲਿਖ ਕੇ ਪੀੜਤ ਡਾਕਟਰ ਲਈ ਇਨਸਾਫ ਦੀ ਮੰਗ ਕੀਤੀ ਹੈ। ਪੱਤਰ ’ਚ ਇਸ ਘਟਨਾ ਤੇ ਪੱਛਮੀ ਬੰਗਾਲ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸ ਘਟਨਾ ਦੇ ਰੋਸ ਵਜੋਂ ਲੰਡਨ ’ਚ ਇੰਡੀਆ ਹਾਊਸ ਦੇ ਬਾਹਰ ਅਤੇ ਐਡਿਨਬਰਗ ਤੇ ਲੀਡਜ਼ ਜਿਹੇ ਸ਼ਹਿਰਾਂ ’ਚ ਅਜਿਹੇ ਪ੍ਰਦਰਸ਼ਨ ਕੀਤੇ ਗਏ ਸਨ। -ਪੀਟੀਆਈ

Advertisement

ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਝਾਅ ਲੈਣ ਵਾਸਤੇ ਬਣੇਗੀ ਕਮੇਟੀ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਸਿਹਤ ਸਬੰਧੀ ਪੇਸ਼ੇਵਰਾਂ (ਡਾਕਟਰਾਂ) ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਸੰਭਾਵੀ ਸੁਝਾਅ ਲੈਣ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ। ਮੰਤਰਾਲੇ ਮੁਤਾਬਕ ਸੂਬਾ ਸਰਕਾਰਾਂ ਸਣੇ ਸਾਰੇ ਹਿੱਤਧਾਰਕਾਂ ਦੇ ਨੁਮਾਇੰਦਿਆਂ ਨੂੰ ਕਮੇਟੀ ਨਾਲ ਆਪਣੇ ਸੁਝਾਅ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਵੇਗਾ। ਮੰਤਰਾਲੇ ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਦੇ ਰੋਸ ਵਜੋਂ ਦੇੇਸ਼ ਭਰ ’ਚ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਲੋਕ ਹਿੱਤ ਅਤੇ ਡੇਂਗੂ ਤੇ ਮਲੇਰੀਆ ਦੇ ਕੇਸਾਂ ’ਚ ਵਾਧੇ ਦੇ ਮੱਦੇਨਜ਼ਰ ਆਪਣੀਆਂ ਡਿਊਟੀਆਂ ’ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ।
ਕੋਲਕਾਤਾ ਦੀ ਘਟਨਾ ਦੇ ਮੱਦੇਨਜ਼ਰ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ (ਫੋਰਡਾ), ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੇੱਏ) ਅਤੇ ਦਿੱਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਵੱਖ-ਵੱਖ ਐਸੋਸੀਏਸ਼ਨਾਂ ਨੇ ਕੰਮ ਵਾਲੀਆਂ ਥਾਵਾਂ ’ਤੇ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਸਬੰਧੀ ਆਪਣੀਆਂ ਮੰਗਾਂ ਦੱਸੀਆਂ ਹਨ। ਬਿਆਨ ਮੁਤਾਬਕ ਮੰਤਰਾਲੇ ਨੇ ਮੰਗਾਂ ਸੁਣੀਆਂ ਤੇ ਡਾਕਟਰਾਂ ਦੀ ਐਸੋਸੀਏਸ਼ਨ ਨੂੰ ਸਿਹਤ ਪੇਸ਼ਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਹੈ।

ਕੋਲਕਾਤਾ ਕਾਂਡ ਦੇ ਅਸਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਮਾਇਆਵਤੀ

ਲਖਨਊ: ਬਸਪਾ ਸੁਪਰੀਮੋ ਮਾਇਆਵਤੀ ਨੇ ਕੋਲਕਾਤਾ ’ਚ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸਤ ਤੋਂ ਉਪਰ ਉੱਠ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਵੱਲ ਧਿਆਨ ਦੇਣ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਸਾਰਾ ਦੇਸ਼ ਘਟਨਾ ਨਾਲ ਫਿਕਰਮੰਦ ਅਤੇ ਗੁੱਸੇ ’ਚ ਹੈ ਜਦਕਿ ਟੀਐੱਮਸੀ ਸਰਕਾਰ ਆਪਣੇ ਬਚਾਅ ’ਚ ਇਸ ਨੂੰ ਧਾਰਮਿਕ ਅਤੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਰੋਧੀ ਧਿਰ ਵੀ ਕੋਈ ਘੱਟ ਨਹੀਂ ਹੈ। ਮਾਇਆਵਤੀ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੀੜਤਾ ਦੇ ਪਰਿਵਾਰ ਨੂੰ ਇਨਸਾਫ਼ ਕਿਵੇਂ ਮਿਲੇਗਾ। -ਪੀਟੀਆਈ

‘ਮਮਤਾ ਹਾਲਾਤ ਸਿੱਝਣ ’ਚ ਨਾਕਾਮ ਰਹੀ, ਅਹੁਦੇ ਤੋਂ ਅਸਤੀਫ਼ਾ ਦੇਵੇ’

ਬਲੀਆ (ਯੂਪੀ): ਕੋਲਕਾਤਾ ’ਚ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਖ਼ਿਲਾਫ਼ ਦੇਸ਼ ਭਰ ’ਚ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਨਿਰਭਯਾ (2012 ਦੇ ਦਿੱਲੀ ਸਮੂਹਿਕ ਜਬਰ-ਜਨਾਹ ਕੇਸ ਦੀ ਪੀੜਤਾ) ਦੀ ਮਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਅਸਤੀਫ਼ਾ ਮੰਗਦਿਆਂ ਕਿਹਾ ਹੈ ਕਿ ਉਹ ਹਾਲਾਤ ਸਿੱਝਣ ’ਚ ਨਾਕਾਮ ਰਹੀ ਹੈ। ਨਿਰਭਯਾ ਦੀ ਮਾਂ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਦੋਸ਼ੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਮੁੱਖ ਮੰਤਰੀ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਖੁਦ ਮਹਿਲਾ ਹਨ ਅਤੇ ਉਨ੍ਹਾਂ ਕੋਲ ਸੂਬੇ ਦੀ ਕਮਾਨ ਹੋਣ ਕਰਕੇ ਉਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਹ ਹਾਲਾਤ ਸਿੱਝਣ ’ਚ ਨਾਕਾਮ ਰਹੀ ਹੈ ਜਿਸ ਕਾਰਨ ਮਮਤਾ ਬੈਨਰਜੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਅਦਾਲਤ ਤੋਂ ਬਲਾਤਕਾਰੀਆਂ ਖ਼ਿਲਾਫ਼ ਸਖ਼ਤ ਤੇ ਤੇਜ਼ੀ ਨਾਲ ਸਜ਼ਾਵਾਂ ਦਿਵਾਉਣ ਲਈ ਗੰਭੀਰ ਨਹੀਂ ਹੁੰਦੀਆਂ, ਉਦੋਂ ਤੱਕ ਦੇਸ਼ ’ਚ ਰੋਜ਼ਾਨਾ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਇਕ ਲੜਕੀ ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਸੁਰੱਖਿਅਤ ਨਹੀਂ ਰਹਿ ਸਕਦੀ ਹੈ ਤਾਂ ਦੇਸ਼ ’ਚ ਔਰਤਾਂ ਦੀ ਸੁਰੱਖਿਆ ਦੇ ਹਾਲਾਤ ਨੂੰ ਸਮਝਿਆ ਜਾ ਸਕਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement