ਸੜਕ ਹਾਦਸੇ ਦੌਰਾਨ ਸਿਹਤ ਅਫਸਰ ਦੀ ਮੌਤ; ਚਾਰ ਜ਼ਖ਼ਮੀ
ਪੱਤਰ ਪ੍ਰੇਰਕ
ਬਠਿੰਡਾ, 24 ਦਸੰਬਰ
ਬਠਿੰਡਾ-ਬਰਨਾਲਾ ਹਾਈਵੇਅ ’ਤੇ ਥਾਣਾ ਕੈਂਟ ਖੇਤਰ ਵਿੱਚ ਹੋਏ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਚਾਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਅਤੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਆਦੇਸ਼ ਹਸਪਤਾਲ ਦਾਖਲ ਕਰਵਾਇਆ ਗਿਆ।
ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਇਲਾਜ ਦੌਰਾਨ ਦਮ ਤੋੜ ਗਿਆ। ਮ੍ਰਿਤਕ ਦੀ ਸ਼ਨਾਖ਼ਤ ਯੋਗਰਾਜ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਵਜੋਂ ਹੋਈ ਹੈ ਜੋ ਗੋਨਿਆਣਾ ਮੰਡੀ ਦੇ ਹਸਪਤਾਲ ਅਧੀਨ ਪੈਂਦੀ ਪਿੰਡ ਅਬਲੂ ਡਿਸਪੈਂਸਰੀ ਵਿਖ਼ੇ ਬਤੌਰ ਕਮਿਊਨਿਟੀ ਹੈਲਥ ਅਫਸਰ ਵਜੋਂ ਤਾਇਨਾਤ ਸੀ। ਮਿਲੀ ਸੂਚਨਾ ਅਨੁਸਾਰ ਸੋਮਵਾਰ ਦੁਪਹਿਰ ਵੇਲੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯੋਗਰਾਜ ਸਿੰਘ ਆਪਣੀ ਨਵੀਂ ਖਰੀਦੀ ਕਾਲੇ ਰੰਗ ਦੀ ਆਲਟੋ ਕਾਰ ਵਿਚ ਘਰ ਪਰਤ ਰਿਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਇੱਕੋ ਸਪੋਰਟਸ ਯੂਟੀਲਿਟੀ ਵਾਹਨ ਨੇ ਫੋਰ ਲੇਨ ਵਾਲੀ ਸੜਕ ਦਾ ਡਿਵਾਈਡਰ ਤੋੜਦੇ ਹੋਏ ਉਸ ਦੀ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਯੋਗਰਾਜ ਸਿੰਘ ਦੇ ਪਿਤਾ ਦੀ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ।
ਪਰਾਲੀ ਦੇ ਧੂੰਏਂ ਕਾਰਨ ਹਾਦਸਾ; ਇਕ ਹਲਾਕ; ਇਕ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇੱਥੋਂ ਲਾਗਲੇ ਪਿੰਡ ਖੁੰਡੇ ਹਲਾਲ ਕੋਲ ਪਰਾਲੀ ਦੇ ਧੂੰਏਂ ਦੀ ਵਜ੍ਹਾ ਕਰਕੇ ਇਕ ਮੋਟਰਸਾਈਕਲ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੁੰਡੇ ਹਲਾਲ ਦਾ ਜਗਦੀਪ ਰਾਮ ਮੋਟਰ ਸਾਈਕਲ ਉਪਰ ਚਿੱਬੜਾਂਵਾਲੀ ਤੋਂ ਖੁੰਡੇ ਹਲਾਲ ਵੱਲ ਵਾਪਸ ਆ ਰਿਹਾ ਸੀ। ਮੋਟਰ ਸਾਇਕਲ ਉਪਰ ਉਸਦੇ ਪਿੱਛੇ ਉਸ ਦਾ ਰਿਸ਼ਤੇਦਾਰ ਬੈਠਾ ਸੀ। ਪਿੰਡ ਦੇ ਨੇੜੇ ਸੜਕ ਦੇ ਨਾਲ ਕਾਫੀ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਇਕੱਠੀ ਕਰਕੇ ਅੱਗ ਆਈ ਹੋਈ ਸੀ। ਅੱਗ ਦੇ ਸੰਘਣੇ ਧੂੰਏਂ ਕਾਰਨ ਜਗਦੀਪ ਰਾਮ ਨੂੰ ਅੱਗੇ ਕੁੱਝ ਵਿਖਾਈ ਨਹੀਂ ਦਿੱਤਾ ਜਿਸ ਕਰਕੇ ਉਸਦਾ ਮੋਟਰਸਾਈਕਲ ਟਰੈਕਟਰ-ਟਰਾਲੀ ਵਿੱਚ ਵੱਜਾ। ਇਸ ਕਾਰਨ ਦੋਹਾਂ ਜਣਿਆਂ ਦੇ ਗੰਭੀਰ ਸੱਟਾਂ ਵੱਜੀਆਂ। ਬਲਵੀਰ ਰਾਮ ਨੇ ਦੱਸਿਆ ਕਿ ਦੋਹਾਂ ਨੂੰ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ। ਬਠਿੰਡਾ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਭਲਾਈਆਣਾ ਕੋਲੇ ਜਗਦੀਪ ਰਾਮ ਸੱਟਾਂ ਦੀ ਮਾਰ ਨਾ ਸਹਿੰਦਾ ਹੋਇਆ ਦਮ ਤੋੜ ਗਿਆ। ਬਲਵੀਰ ਰਾਮ ਦੀ ਸ਼ਿਕਾਇਤ ’ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਪਿੰਡ ਖੁੰਡੇ ਹਲਾਲ ਦੇ ਪਿਓ-ਪੁੱਤ ਕਿਸਾਨਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।