ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦਾ ਪਿੱਟ ਸਿਆਪਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਕਤੂਬਰ
ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ (ਪੁਰਸ਼) ਦੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਹੈਲਥ ਵਰਕਰਾਂ ਨੇ ਅੱਜ ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਕੀਤਾ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਕਰੀਬ ਢਾਈ ਸਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਵਰਕਰ ਦੀ ਇੱਕ ਵੀ ਅਸਾਮੀ ਉੱਤੇ ਭਰਤੀ ਨਹੀਂ ਕੀਤੀ। ਪਿਛਲੇ ਦਿਨੀਂ 7 ਅਕਤੂਬਰ ਨੂੰ ਬੇਰੁਜ਼ਗਾਰ ਵਰਕਰਾਂ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਮੀਟਿੰਗ ਲਈ ਬੁਲਾ ਕੇ ਖੱਜਲ ਖੁਆਰ ਕੀਤਾ ਗਿਆ ਅਤੇ ਮੀਟਿੰਗ ਨਹੀਂ ਕੀਤੀ। ਇਸ ਦੇ ਰੋਸ ਵਜੋਂ ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਦੋਂ ਬੇਰੁਜ਼ਗਾਰਾਂ ਨੇ ਪੁਲੀਸ ਵੱਲੋਂ ਲਗਾਈਆਂ ਰੋਕਾਂ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਮੌਕੇ ’ਤੇ ਪੁੱਜੇ ਸਿਹਤ ਮੰਤਰੀ ਦੇ ਨਿੱਜੀ ਸਕੱਤਰ ਨੇ ਮੰਤਰੀ ਦੇ ਨਾਮ ਮੰਗ ਪੱਤਰ ਪ੍ਰਾਪਤ ਕਰਕੇ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਲੰਬੇ ਸੰਘਰਸ਼ ਮਗਰੋਂ ਸਰਕਾਰ ਨੇ ਸਿਹਤ ਵਿਭਾਗ ਵਿੱਚ ਕਰੀਬ 270 ਅਸਾਮੀਆਂ ਭਰਨ ਦਾ ਭਰੋਸਾ ਦਿੱਤਾ ਹੈ ਪ੍ਰੰਤੂ ਉਮਰ ਹੱਦ ਛੋਟ ਸਬੰਧੀ ਅਜੇ ਤੱਕ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਨੇ ਉਮਰ ਹੱਦ ਛੋਟ ਦੇਣ ਦੇ ਲਾਰੇ ਲਗਾਏ ਸਨ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਸੈਂਕੜੇ ਉਮੀਦਵਾਰ ਓਵਰਏਜ ਹੋ ਚੁੱਕੇ ਹਨ ਉੱਥੇ ਮੌਜੂਦਾ ਸਰਕਾਰ ਦੀ ਨਾਕਾਮੀ ਕਾਰਨ ਹਜ਼ਾਰਾਂ ਬੇਰੁਜ਼ਗਾਰ ਓਵਰਏਜ ਹੋ ਚੁੱਕੇ ਹਨ।
ਇਸ ਮੌਕੇ ਲਖਵਿੰਦਰ ਸਿੰਘ ਮਾਨਸਾ, ਹੀਰਾ ਲਾਲ ਅੰਮ੍ਰਿਤਸਰ, ਕੁਲਵਿੰਦਰ ਸਿੰਘ ਗਿੱਲ, ਜੱਸੀ ਦੇਧਨਾ, ਪਲਵਿੰਦਰ ਕੁੱਤੀਵਾਲ, ਜਰਨੈਲ ਸੰਗਰੂਰ, ਮਨਜਿੰਦਰ ਕੁਰਾਲੀ, ਪਰਮਜੀਤ ਸਿੰਘ ਅਤੇ ਨਿਰਮਲ ਸਿੰਘ ਮਾਨਸਾ ਆਦਿ ਹਾਜ਼ਰ ਸਨ।