For the best experience, open
https://m.punjabitribuneonline.com
on your mobile browser.
Advertisement

ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਵਾਈ

06:04 AM Nov 20, 2024 IST
ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਵਾਈ
ਪਟਿਆਲਾ ਜ਼ਿਲ੍ਹੇ ਦੇ ਪੰਚਾਂ ਨੂੰ ਸਹੁੰ ਚੁਕਵਾਉਂਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਨਵੰਬਰ
ਇਥੇ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਨਵੇਂ ਚੁਣੇ ਗਏ 6,276 ਪੰਚਾਂ ਨੂੰ ਸਹੁੰ ਚੁਕਾਵਾਈ। ਪੰਚਾਂ ਨੂੰ ਅੱਜ ਇੱਥੇ ਨਿਊ ਪੋਲੋ ਗਰਾਊਂਡ ਵਿੱਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਨੇ ਸਹੁੰ ਚੁਕਾਈ। ਮੰਤਰੀ ਨੇ ਨਵੇਂ ਬਣੇ ਪੰਚਾਂ ਨੂੰ ਬਦਲੇ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਨਵੀਂ ਸੋਚ ਨਾਲ ਹਰੇਕ ਪਿੰਡ ਵਾਸੀ ਨੂੰ ਨਾਲ ਲੈ ਕੇ ਪਿੰਡਾਂ ਦਾ ਵਿਕਾਸ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਸੋਚ ਲੈ ਕੇ ਕੰਮ ਦੀ ਰਾਜਨੀਤੀ ਕਰਦਿਆਂ ਸੂਬੇ ਵਿੱਚ ਸਿਹਤ, ਸਿੱਖਿਆ, ਰੁਜ਼ਗਾਰ ਤੇ ਲੋਕ ਭਲਾਈ ਦੇ ਨਵੇਂ ਯੁੱਗ ਦਾ ਆਗਾਜ਼ ਕੀਤਾ ਹੈ। ਇਸੇ ਲਈ ਹੁਣ ਨਵੀਆਂ ਪੰਚਾਇਤਾਂ ਵੀ ਆਪਣੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਉਣ ਲਈ ਨਵੀਂ ਸੋਚ ਨਾਲ ਅੱਗੇ ਵੱਧਣ ਕਿਉਂਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ। ਇਸ ਲਈ ਪੰਜਾਬ ਤੇ ਪੰਜਾਬੀਅਤ ਉਪਰ ਪਹਿਰਾ ਦਿੰਦਿਆਂ ਪਿੰਡਾਂ ਦੀ ਨੁਹਾਰ ਬਦਲੀ ਜਾਵੇ। ਉਨ੍ਹਾ ਕਿਹਾ ਕਿ ਝਗੜੇ ਪਿੰਡਾਂ ਵਿੱਚ ਹੀ ਨਿਬੇੜਨ ਵਾਲੀਆਂ ਪੰਚਾਇਤਾਂ ਨੂੰ ਸਰਕਾਰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰੇਗੀ। ਮੰਤਰੀ ਨੇ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪਿੰਡ ਮਿਸ਼ਨ ਨਾਲ ਜੁੜ ਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਗੇ ਆਉਣ। ਮਗਨਰੇਗਾ ਤਹਿਤ ਪਿੰਡਾਂ ’ਚ ਸਾਂਝੇ ਕੰਮ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਆਖਦਿਆਂ ਉਨ੍ਹਾਂ ਦੱਸਿਆ ਕਿ ਪਿੰਡਾਂ ’ਚ ਪਾਸ ਕੀਤਾ ਮਗਨਰੇਗਾ ਦਾ ਬਜਟ ਕੇਂਦਰ ਸਰਕਾਰ ਵੀ ਨਹੀਂ ਬਦਲ ਸਕਦੀ। ਪੰਚਾਇਤਾਂ ਦੇ ਸਮੂਹ ਮੈਂਬਰ ਗ੍ਰਾਮ ਸਭਾਵਾਂ ਕਰਕੇ ਵਿਕਾਸ ਲਈ ਯੋਜਨਾਵਾਂ ਉਲੀਕ ਕੇ ਹੁਣੇ ਤੋਂ ਹੀ ਕੰਮ ’ਤੇ ਲੱਗ ਜਾਣ।
ਸਿਹਤ ਮੰਤਰੀ ਨੇ ਪੰਚਾਇਤਾਂ ਨੂੰ ਪਿੰਡਾਂ ਦੀ ਆਬੋ-ਹਵਾ ਨੂੰ ਸਾਫ਼ ਰੱਖਣ ਲਈ ਨਾਨਕਸ਼ਾਹੀ ਖੇਤੀ ਨਾਲ ਜੁੜਨ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਤਰਲ ਕੂੜਾ ਪ੍ਰਬੰਧਨ ਤਹਿਤ ਪਿੰਡਾਂ ’ਚ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਣ ਲਈ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਪਲਾਸਟਿਕ ਮੁਕਤ ਤੇ ਕੂੜਾ ਕਰਕਟ ਰਹਿਤ ਆਲਾ-ਦੁਆਲਾ ਸਿਰਜਣ ਲਈ ਠੋਸ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਚਲਾਏ ਜਾਣ। ਉਨ੍ਹਾਂ ਹੋਰ ਕਿਹਾ ਕਿ ਧਾਰਮਿਕ ਸਤਿਸੰਗਾਂ ਦੇ ਨਾਲ-ਨਾਲ ਪਿੰਡਾਂ ਵਿੱਚ ਸਿਹਤ, ਖੇਤੀ, ਸਿੱਖਿਆ, ਰੁਜ਼ਗਾਰ ਆਦਿ ਦੇ ਸਤਿਸੰਗ ਵੀ ਕਰਵਾਏ ਜਾਣ ਤੇ ਕਮੇਟੀਆਂ ਵੀ ਬਣਾਈਆਂ ਜਾਣ ਤੇ ਹਰ ਕਮੇਟੀ ਨੂੰ 10 ਹਜ਼ਾਰ ਦੀ ਗ੍ਰਾਂਟ ਦਿੱਤੀ ਜਾਵੇਗੀ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂਵਾਲਾ, ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਜੇ.ਪੀ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜਸਬੀਰ ਗਾਂਧੀ, ਡਿਵੀਜ਼ਨਲ ਕਮਿਸ਼ਨਰ ਡੀਐੱਸ ਮਾਂਗਟ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸਐੱਸਪੀ ਨਾਨਕ ਸਿੰਘ, ਏਡੀਸੀ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਸਮੇਤ ਹੋਰ ਵੀ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement