ਮਾਤਾ ਸੁੰਦਰੀ ਕਾਲਜ ਵਿੱਚ ਸਿਹਤ ਮੇਲਾ
ਨਵੀਂ ਦਿੱਲੀ
ਮਾਤਾ ਸੁੰਦਰੀ ਕਾਲਜ ਫਾਰ ਵੂਮਨ ਵਿੱਚ ਸਿਹਤ ਪ੍ਰਕੋਸ਼ਠ ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਸਾਂਝੇ ਉਪਰਾਲੇ ਤਹਿਤ ਸਿਹਤ ਮੇਲਾ ਲਾਇਆ ਗਿਆ। ਇਸ ਦੀ ਰਸਮੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਕੀਤੀ। ਉਨ੍ਹਾਂ ਆਪਣੇ ਮੌਜੂਦਾ ਸਮੇਂ ਵਿਚ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ’ਤੇ ਜ਼ੋਰ ਦਿੱਤਾ। ਸਿਹਤ ਮੇਲੇ ਵਿਚ ਕਾਲਜ ਦੇ ਸਾਰੇ ਅਧਿਆਪਕਾਂ ਅਤੇ ਵਿਦਿਅਰਥੀਆਂ ਨੂੰ ਵੱਖ-ਵੱਖ ਸਿਹਤ ਸੇਵਾਵਾਂ, ਮੈਡੀਕਲ ਜਾਂਚ ਅਤੇ ਇਲਾਜ ਸੰਬੰਧੀ ਮੁਫ਼ਤ ਸਲਾਹ ਦਿੱਤੀ ਗਈ। ਇਸ ਮੇਲੇ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਅੱਖਾਂ ਦੀ ਜਾਂਚ, ਮੇਮੋਗਰਾਫੀ ਆਦਿ ਸਾਰੇ ਨਿਰੀਖਣ ਮੁਫ਼ਤ ਕੀਤੇ ਗਏ। ਇਸ ਦੇ ਨਾਲ ਹੀ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਅਤੇ ਥੈਲੀਸੀਮੀਆ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਬੀਐੱਸਐੱਫ ਸੁਸਾਇਟੀ ਵੱਲੋਂ ਵਿਸ਼ੇਸ਼ ਸਟਾਲ ਵੀ ਲਗਾਇਆ ਗਿਆ, ਜਿਸ ਦਾ ਇੱਕ ਹਿੱਸਾ ਭਾਰਤੀ ਸੈਨਾ ਸ਼ਹੀਦਾਂ ਦੇ ਪਰਿਵਾਰਕ ਆਰਥਿਕ ਸਹਾਇਤਾ ਲਈ ਪਹੁੰਚਦਾ ਹੈ। ਅਨੁਸ਼੍ਰੀ ਮਿਲੇਟ ਗਰੁੱਪ ਆਫ਼ ਵੁਮੇਨ ਇੰਪਾਵਰਮੈਂਟ ਵੱਲੋਂ ਬਾਜਰੇ ਤੋਂ ਤਿਆਰ ਭੋਜਨ ਪਦਾਰਥਾਂ ਦਾ ਸਟਾਲ ਵੀ ਲਗਾਇਆ ਗਿਆ। ਇਸ ਮੇਲੇ ਵਿੱਚ ਲਗ ਪਗ 3000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਮੇਲੇ ਨੂੰ ਸਫਲ ਬਣਾਉਣ ਵਿੱਚ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਕਲੀਨਿਕਲ ਲੈਬੋਰੇਟਰੀ ਦੇ ਹਰਮਨਜੀਤ ਸਿੰਘ, ਬੀਐੱਸਐੱਫ ਬੀਡਬਲਿਊਡਬਲਿਊ ਤੋਂ ਏਐੱਸ ਸ਼ਾਹੀ ਦਾ ਵਿਸ਼ੇਸ਼ ਯੋਗਦਾਨ ਰਿਹਾ। -ਨਿੱਜੀ ਪੱਤਰ ਪ੍ਰੇਰਕ