ਨਾਭਾ ਜੇਲ੍ਹ ’ਚ 231 ਬੰਦੀਆਂ ਦੀ ਸਿਹਤ ਜਾਂਚ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੁਲਾਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੈਦੀਆਂ-ਬੰਦੀਆਂ ਦੀ ਸਿਹਤ ਜਾਂਚ ਲਈ ਸ਼ੁਰੂ ਕੀਤੀ ਗਈ ਸੂਬਾਈ ਸਕਰੀਨਿੰਗ ਮੁਹਿੰਮ ਦੀ ਲੜੀ ਤਹਿਤ ਅੱਜ ਨਾਭਾ ਜੇਲ੍ਹ ਵਿੱਚ ਸਿਹਤ ਕੈਂਪ ਲਗਾਇਆ ਗਿਆ ਹੈ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਦੀ ਦੇਖਰੇਖ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਦੌਰਾਨ 231 ਬੰਦੀਆਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਅਤੇ ਮੌਕੇ ’ਤੇ ਹੀ ਲੋੜਵੰਦ ਬੰਦੀਆਂ ਨੂੰ ਦਵਾਈਆਂ ਅਤੇ ਵੈੱਲਫੇਅਰ ਫੰਡ ’ਚੋਂ ਨਜ਼ਰ ਦੀਆਂ ਐਨਕਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਕੈਂਪ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਅਰੋੜਾ, ਮੈਡੀਸਨ ਦੇ ਮਾਹਿਰ ਡਾ. ਕੰਵਰਜੀਤ ਸਿੰਘ, ਅੱਖਾਂ ਦੇ ਮਾਹਿਰ ਡਾ. ਮਨਦੀਪ ਸਿੰਘ, ਹੱਡੀਆਂ ਦੇ ਮਾਹਿਰ ਡਾ. ਪ੍ਰਭਸਿਮਰਨ ਸਿੰਘ, ਦੰਦਾਂ ਦੇ ਮਾਹਿਰ ਡਾ. ਜਪਨੀਤ ਕੌਰ, ਈਐੱਨਟੀ ਮਾਹਰ ਡਾ. ਰਾਜਵੰਤ ਕੌਰ, ਸਰਜਨ ਡਾ. ਸੁਖਵਿੰਦਰ ਸਿੰਘ, ਅਪਥੈਲਮਿਕ ਅਫ਼ਸਰ ਡਾ. ਮਨਸੁੱਖ ਸਿੰਘ ਵੱਲੋਂ ਬੰਦੀਆਂ ਦੀ ਸਿਹਤ ਜਾਂਚ ਕੀਤੀ ਗਈ।
ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਹਰਪ੍ਰੀਤ ਸਿੰਘ, ਵੈੱਲਫੇਅਰ ਅਫ਼ਸਰ ਰਾਹੁਲ ਚੌਧਰੀ, ਮੈਡੀਕਲ ਅਫ਼ਸਰ ਜੇਲ੍ਹ ਡਾ. ਅਵਿਨਾਸ਼ ਕੁਮਾਰ ਸਮੇਤ ਜੇਲ੍ਹ ਸਟਾਫ਼ ਮੌਜੂਦ ਸੀ।