ਸਿਹਤ ਵਿਭਾਗ ਨੇ ਨਾਰਮਲ ਸਲਾਈਨ ਗੁਲੂਕੋਜ਼ ਦੇ ਨਮੂਨੇ ਜਾਂਚ ਲਈ ਭੇਜੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਾਰਚ
ਜ਼ਿਲ੍ਹਾ ਹੈੱਡਕੁਆਰਟਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਨਾਰਮਲ ਸਲਾਈਨ (ਗੁਲੂਕੋਜ਼) ਲਗਾਉਣ ਕਾਰਨ 14 ਮਹਿਲਾ ਮਰੀਜ਼ਾਂ ਦੀ ਸਿਹਤ ਬਿਗੜਨ ਤੋਂ ਬਾਅਦ ਜਿੱਥੇ ਪੰਜਾਬ ਭਰ ਦੇ ਹਸਪਤਾਲਾਂ ’ਚ ਸਬੰਧਤ ਬੈਚ ਨਾਲ ਸਬੰਧਤ ਨਾਰਮਲ ਸਲਾਈਨ ਦੀ ਵਰਤੋਂ ’ਤੇ ਸਿਹਤ ਵਿਭਾਗ ਪੰਜਾਬ ਨੇ ਰੋਕ ਲਗਾ ਦਿੱਤੀ ਹੈ ਉਥੇ ਸਥਾਨਕ ਸਿਵਲ ਹਸਪਤਾਲ ’ਚ ਵਰਤੀ ਗਈ ਨਾਰਮਲ ਸਲਾਈਨ ਦੇ ਨਮੂਨੇ ਲੈ ਕੇ ਜਾਂਚ ਲਈ ਲੈਬਾਰਟਰੀ ’ਚ ਭੇਜ ਦਿੱਤੇ ਹਨ।
ਸਿਵਲ ਹਸਪਤਾਲ ਦੇ ਗਾਇਨੀ ਵਾਰਡ ’ਚ ਦਾਖਲ ਮਹਿਲਾ ਮਰੀਜ਼ਾਂ ਨੂੰ ਨਾਰਮਲ ਸਲਾਈਨ ਗੁਲੂਕੋਜ਼ ਲਾਇਆ ਗਿਆ ਸੀ ਜਿਸ ਤੋਂ ਬਾਅਦ 14 ਮਹਿਲਾ ਮਰੀਜ਼ਾਂ ਦੀ ਅਚਾਨਕ ਸਿਹਤ ਬਿਗੜ ਗਈ। ਇਨ੍ਹਾਂ ਮਹਿਲਾ ਮਰੀਜ਼ਾਂ ’ਚੋ ਕੁੱਝ ਦੀ ਡਲਿਵਰੀ ਹੋ ਚੁੱਕੀ ਸੀ ਜਦੋਂ ਕਿ ਕੁੱਝ ਗਰਭਵਤੀ ਸਨ। ਸਿਹਤ ਬਿਗੜਨ ਤੋਂ ਬਾਅਦ ਸਿਵਲ ਹਸਪਤਾਲ ਸਟਾਫ਼ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਇਸ ਘਟਨਾ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧਾ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਐੱਸਡੀਐੱਮ ਚਰਨਜੋਤ ਸਿੰਘ ਵਾਲੀਆ, ਸਿਵਲ ਸਰਜਨ ਡਾ. ਸੰਜੇ ਕਾਮਰਾ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵਲੋਂ ਵੀ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਕੇ ਗਾਇਨੀ ਵਾਰਡ ’ਚ ਦਾਖਲ ਮਹਿਲਾ ਮਰੀਜ਼ਾਂ ਦੀ ਸਿਹਤ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ’ਤੇ ਮੌਜੂਦ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨੇ ਦੱਸਿਆ ਕਿ ਨਾਰਮਲ ਸਲਾਈਨ ਲਗਾਉਣ ਤੋਂ ਬਾਅਦ ਪਹਿਲਾਂ 3 ਮਰੀਜ਼ਾਂ ਦੀ ਸਿਹਤ ਬਿਗੜ ਗਈ ਸੀ ਪਰ ਮੌਕੇ ’ਤੇ ਮੌਜੂਦ ਡਾਕਟਰਾਂ ਨੇ ਮਰੀਜ਼ਾਂ ਨੂੰ ਸੰਭਾਲ ਲਿਆ ਅਤੇ ਕਿਸੇ ਵੀ ਮਰੀਜ਼ ਨੂੰ ਰੈਫ਼ਰ ਕਰਨ ਦੀ ਲੋੜ ਨਹੀਂ ਪਈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਬੈਚ ਨਾਲ ਸਬੰਧਤ ਨਾਰਮਲ ਸਲਾਈਨ ਦੀ ਵਰਤੋਂ ਕਰਨ ਉਤੇ ਪੰਜਾਬ ਦੇ ਸਾਰੇ ਹਸਪਤਾਲਾਂ ’ਚ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਮੂਨੇ ਲੈ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਦੇ ਨਤੀਜੇ ਅਗਲੇ ਦੋ ਤਿੰਨ ਦਿਨਾਂ ਵਿੱਚ ਆਉਣ ਦੀ ਸੰਭਾਵਨਾ ਹੈ। ਜੇਕਰ ਨਮੂਨੇ ਅਯੋਗ ਪਾਏ ਗਏ ਤਾਂ ਸਬੰਧ ਸਪਲਾਇਰ ਜਾਂ ਫਰਮ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਸਬੰਧੀ ਐੱਸਐੱਮਓ ਡਾ. ਬਲਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਸਾਰੇ ਮਰੀਜ਼ ਬਿਲਕੁਲ ਠੀਕ ਹਨ ਤੇ ਨਾਰਮਲ ਸਲਾਈਨ ਦੇ ਸਟਾਕ ਨੂੰ ਸੀਲ ਕਰ ਦਿੱਤਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਵੀ ਹਾਜ਼ਰ ਸਨ।