ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ 7 ਟੀਮਾਂ ਕਾਇਮ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 7 ਨਵੰਬਰ
ਡੇਂਗੂ ਤੇ ਚਿਕਨਗੁਨੀਆ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਕਾਰਨ ਸਿਹਤ ਵਿਭਾਗ ਨੇ ਰੈਪਿਡ ਫੀਵਰ ਸਰਵੇਅ ਮੁਹਿੰਮ ਨੂੰ ਤੇਜ਼ ਕਰਦੇ ਹੋਏ ਸ਼ਹਿਰ ਲਈ 7 ਟੀਮਾਂ ਕਾਇਮ ਕੀਤੀਆਂ ਹਨ, ਜੋ ਘਰ ਘਰ ਜਾ ਕੇ ਨਾ ਸਿਰਫ਼ ਮਰੀਜ਼ਾਂ ਦੇ ਨਮੂਨੇ ਲੈ ਰਹੀਆਂ ਹਨ, ਸਗੋਂ ਵੱਖ-ਵੱਖ ਥਾਵਾਂ ’ਤੇ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ। ਡੇਂਗੂ ਮਰੀਜ਼ਾਂ ਦੀ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਇਕ ਦਿਨ ਪਹਿਲਾਂ ਮੁੱਖ ਡਾਕਟਰ ਡਾ. ਸੱਜਣ ਸਿੰਘ ਨੇ ਹੈਲਥ ਇੰਸਪੈਕਟਰ ਰਾਜੇਸ਼ ਸ਼ਿਓਕੰਦ ਤੋਂ ਇਲਾਵਾ ਹੋਰ ਸਿਹਤ ਕਰਮਚਾਰੀਆਂ ਦੀ ਮੀਟਿੰਗ ਬੁਲਾ ਕੇ ਰੈਪਿਡ ਫੀਵਰ ਸਰਵੇ ਮੁਹਿੰਮ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ ਸਨ। ਸਿਹਤ ਵਿਭਾਗ ਅਨੁਸਾਰ ਡੇਂਗੂ ਪੀੜਤਾਂ ਦੀ ਪਹਿਚਾਣ, ਜਾਂਚ ਅਤੇ ਇਲਾਜ ਲਈ ਸਾਰੇ ਇਲਾਕਿਆਂ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਘਰ ਘਰ ਜਾ ਕੇ ਪਾਣੀ ਦੇ ਖੜ੍ਹਨ ਵਾਲੀਆਂ ਥਾਵਾਂ ਜਿਵੇਂ ਕੂਲਰ, ਹੌਦੀ, ਟੈਂਕੀਆਂ, ਪੁਰਾਣੇ ਟਾਇਰ, ਖਾਲੀ ਡੱਬੇ, ਪੌਲੀਥੀਨ ਦੇ ਲਿਫਾਫੇ ਵਿਚ ਬਾਰਿਸ਼ ਦਾ ਖੜ੍ਹਾ ਪਾਣੀ ਆਦਿ ਵਿਚ ਮੱਛਰ ਦੇ ਲਾਰਵੇ ਦੀ ਜਾਂਚ ਕਰਨਗੇ ਅਤੇ ਲਾਰਵਾ ਪਾਏ ਜਾਣ ’ਤੇ ਨੋਟਿਸ ਦੇਣਗੇ।
ਨਗਰ ਕੌਂਸਲ ਨੂੰ ਫੌਗਿੰਗ ਕਰਨ ਦੀ ਹਦਾਇਤ
ਸਿਹਤ ਵਿਭਾਗ ਨੇ ਨਗਰ ਕੌਂਸਲ ਨੂੰ ਹਦਾਇਤ ਦਿੱਤੀ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਫੌਗਿੰਗ ਕਰਵਾਈ ਜਾਵੇ। ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸੰਭਾਵਿਤ ਬਿਮਾਰੀਆਂ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਸਿਹਤ ਵਿਭਾਗ ਨੇ ਨਗਰ ਕੌਂਸਲਰ ਨੂੰ ਪੱਤਰ ਲਿਖ ਕੇ ਫੌਗਿੰਗ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਮੱਛਰਾਂ ਦਾ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਡੇਂਗੂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ, ਜਿਸ ਦੀ ਰੋਕਥਾਮ ਲਈ ਸਿਹਤ ਵਿਭਾਗ ਨੇ ਮੁੜ ਨਗਰ ਕੌਂਸਲਰ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਫੌਗਿੰਗ ਕਰਵਾਉਣ ਦੇ ਆਦੇਸ਼ ਦਿੱਤੇ ਹਨ।