ਡੇਂਗੂ ਕਾਰਨ ਨੌਜਵਾਨ ਦੀ ਮੌਤ ਮਗਰੋਂ ਸਿਹਤ ਵਿਭਾਗ ਸਰਗਰਮ
ਕਰਮਜੀਤ ਸਿੰਘ ਚਿੱਲਾ
ਬਨੂੜ, 1 ਨਵੰਬਰ
ਪਿੰਡ ਗੁਡਾਣਾ ਵਿੱਚ ਬੀਤੇ ਦਿਨੀਂ ਪੰਚਾਇਤ ਮੈਂਬਰ ਸੱਤਪਾਲ ਦੇ ਇਕਲੌਤੇ ਪੁੱਤਰ ਦਵਿੰਦਰਪਾਲ ਦੀ ਡੇਂਗੂ ਬੁਖ਼ਾਰ ਨਾਲ ਮੌਤ ਉਪਰੰਤ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਸਨੇਟਾ ਦੀ ਡਿਸਪੈਂਸਰੀ ਦੇ ਰੂਰਲ ਮੈਡੀਕਲ ਅਫ਼ਸਰ ਡਾ. ਰਮਨਪ੍ਰੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਗੁਡਾਣਾ ਵਿੱਚ ਘਰੋ-ਘਰੀ ਸਰਵੇਖਣ ਕੀਤਾ। ਟੀਮ ਵਿੱਚ ਸਿਹਤ ਵਰਕਰ ਰਘਬੀਰ ਸਿੰਘ ਚਾਉਮਾਜਰਾ, ਸੀਐਚਓ ਰਚਨਾ ਕੰਬੋਜ, ਏਐਨਐਮ ਪਰਮਜੀਤ ਕੌਰ ਸਣੇ ਹੋਰ ਕਰਮਚਾਰੀ ਸ਼ਾਮਲ ਸਨ।
ਡਾ. ਚਾਵਲਾ ਨੇ ਦੱਸਿਆ ਕਿ ਸਰਵੇਖਣ ਦੌਰਾਨ ਪਿੰਡ ਵਿਚ ਦਰਜਨ ਦੇ ਕਰੀਬ ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਨਸ਼ਟ ਕਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀਆਂ ਨੂੰ ਬੁਖ਼ਾਰ ਸੀ, ਜਿਨ੍ਹਾਂ ਨੂੰ ਲੋੜੀਂਦੀ ਦਵਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਗਈ ਜਿਹੜੇ ਠੀਕ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨ ਦਵਿੰਦਰਪਾਲ ਨੂੰ ਬੁਖ਼ਾਰ ਅਤੇ ਪਲੇਟਲੈਟਸ ਘਟਣ ਕਾਰਨ ਪਹਿਲਾਂ ਚੰਡੀਗੜ੍ਹ ਦੇ ਜਨਰਲ ਹਸਪਤਾਲ ਅਤੇ ਬਾਅਦ ਵਿੱਚ ਪੀਜੀਆਈ ਲਿਜਾਂਦਾ ਗਿਆ ਸੀ, ਜਿੱਥੇ 29 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ ਸੀ। ਨੌਜਵਾਨ ਮੌਤ ਤੋਂ ਪੰਜ ਦਿਨ ਪਹਿਲਾਂ ਹੀ ਪੁੱਤਰ ਦਾ ਪਿਓ ਬਣਿਆ ਸੀ। ਡਾ. ਚਾਵਲਾ ਨੇ ਦੱਸਿਆ ਕਿ ਵਿਭਾਗੀ ਟੀਮ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਪੂਰਾ ਸਰੀਰ ਢਕਣ ਵਾਲੇ ਕੱਪੜੇ ਪਾਉਣ, ਫਾਲਤੂ ਵਸਤਾਂ ਵਿੱਚ ਪਾਣੀ ਨਾ ਖੜ੍ਹਨ ਦੇਣ, ਫਰਿੱਜ, ਕੂਲਰ ਨਿਯਮਿਤ ਰੂਪ ਵਿੱਚ ਸਾਫ਼ ਕਰਨ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਕੋਲੋਂ ਮੁਫ਼ਤ ਇਲਾਜ ਕਰਾਏ ਜਾਣ ਬਾਰੇ ਵੀ ਪ੍ਰੇਰਿਆ ਗਿਆ।