ਲਾਇਨਜ਼ ਚੈਰੀਟੇਬਲ ਹਸਪਤਾਲ ਵੱਲੋਂ ਸਿਹਤ ਜਾਂਚ ਕੈਂਪ
ਚਮਕੌਰ ਸਾਹਿਬ
ਲਾਇਨਜ਼ ਚੈਰੀਟੇਬਲ ਹਸਪਤਾਲ ਵੱਲੋਂ ਢਿੱਲੋਂ ਆਈ ਹਸਪਤਾਲ ਐਂਡ ਲੇਜ਼ਰ ਸੈਂਟਰ ਸਰਹਿੰਦ ਦੇ ਸਹਿਯੋਗ ਨਾਲ 75ਵਾਂ ਅੱਖਾਂ ਤੇ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ ਹਸਪਤਾਲ ਵਿੱਚ ਲਗਾਇਆ। ਕੈਂਪ ਦਾ ਉਦਘਾਟਨ ਡੀਐੱਸਪੀ ਜੇਪੀ ਸਿੰਘ ਵੱਲੋਂ ਕੀਤਾ ਗਿਆ ਜਦੋਂਕਿ ਮੁੱਖ ਮਹਿਮਾਨ ਵਜੋਂ ਬਲਰਾਜ ਸਿੰਘ ਗਿੱਲ ਪਹੁੰਚੇ। ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਅਤੇ ਪ੍ਰਧਾਨ ਸੁਰੇਸ਼ ਅਗਰਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਦੇਵਜੀਤ ਸਿੰਘ ਢਿੱਲੋਂ ਨੇ 223 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 85 ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਂਜ਼ ਪਾਉਣ ਲਈ ਅਪਰੇਸ਼ਨ ਕੀਤੇ ਜਾਣਗੇ। ਡਾ. ਮਨਪ੍ਰੀਤ ਕੌਰ ਵੱਲੋਂ 23 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰ ਕੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ, ਡਾ. ਰਾਜਪਾਲ ਚੌਧਰੀ, ਡਾ. ਸੁਦੇਸ਼ ਸ਼ਰਮਾ, ਰਣਧੀਰ ਸਿੰਘ, ਭੁਪਿੰਦਰ ਸਿੰਘ, ਪਵਨ ਗਰਗ, ਅਨਿਲ ਕੁਮਾਰ, ਅਜਮੇਰ ਸਿੰਘ ਅਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ