ਟਰੱਕ ਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ; ਦੋਵੇਂ ਚਾਲਕਾਂ ਦੀ ਮੌਤ
ਪੱਤਰ ਪ੍ਰੇਰਕ
ਪੰਚਕੂਲਾ, 1 ਜੁਲਾਈ
ਪੰਚਕੂਲਾ ਦੇ ਪਿੰਜੌਰ-ਬੱਦੀ ਕੌਮੀ ਮਾਰਗ ’ਤੇ ਪੈਂਦੇ ਪਿੰਡ ਰਾਮਪੁਰ ਜੰਗੀ ਦੇ ਸਾਹਮਣੇ ਟਰੱਕ ਅਤੇ ਟਿੱਪਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਸਵੇਰੇ 5.45 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿੱਚ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਹਾਂ ਵਾਹਨਾਂ ਦੇ ਡਰਾਈਵਰਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਰਮੇਸ਼ ਚੰਦ ਵਾਸੀ ਦੀਨਾਨਗਰ ਗੁਰਦਾਸਪੁਰ ਪੰਜਾਬ ਅਤੇ ਕੱਲੂ ਵਾਸੀ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਮੇਸ਼ ਚੰਦ ਪੰਚਕੂਲਾ ਤੋਂ ਬੱਦੀ ਵੱਲ ਜਾ ਰਿਹਾ ਸੀ। ਇਸ ਸੜਕ ਨੂੰ ਚਹੁੰਮਾਰਗੀ ਕਰਨ ਦਾ ਕੰਮ ਚੱਲ ਰਿਹਾ ਹੈ। ਪਿੰਡ ਰਾਮਪੁਰ ਜੰਗੀ ਦੇ ਤਿੱਖੇ ਮੋੜ ’ਤੇ ਬੱਦੀ ਵੱਲੋਂ ਆ ਰਹੇ ਟਿੱਪਰ ਨਾਲ ਇੱਥੇ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੜਾਂਵਾਲਾ ਪੁਲੀਸ ਚੌਕੀ ਦੇ ਇੰਚਾਰਜ ਪ੍ਰਤਾਪ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸਵੇਰੇ ਕਰੀਬ 5.45 ਵਜੇ ਦੋ ਭਾਰੀ ਵਾਹਨਾਂ ਦੀ ਟੱਕਰ ਹੋ ਗਈ। ਦੋਹਾਂ ਚਾਲਕਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਲਈ ਨਾਨਕਪੁਰ ਦੇ ਸਿਹਤ ਕੇਂਦਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਚਾਲਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।