ਦੋਸਤ ਨਾਲ ਮਿਲਕੇ ਆਪਣੇ ਘਰੋਂ ਹੀ ਸੋਨਾ ਚੋਰੀ ਕੀਤਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਨਵੰਬਰ
ਇਥੇ ਪਿੰਡ ਗਿਦਿੜਆਣੀ ਵਿੱਚ ਮਾਪਿਆਂ ਦੀ ਗੈਰ-ਹਾਜ਼ਰੀ ’ਚ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਨਾਲ ਮਿਲ ਕੇ ਆਪਣੇ ਘਰੋਂ ਕਰੀਬ 6 ਲੱਖ ਰੁਪਏ ਦਾ ਸੋਨਾ ਚੋਰੀ ਕਰ ਲਿਆ। ਇਸ ਸਬੰਧੀ ਥਾਣਾ ਸਦਰ ਲਹਿਰਾਗਾਗਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਕੇਵਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਗਿਦੜਿਆਣੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਪਣੀ ਪਤਨੀ ਸਮੇਤ 21 ਅਕਤੂਬਰ ਨੂੰ ਹਜੂਰ ਸਾਹਿਬ ਵਿਖੇ ਗਏ ਸੀ, ਜਦੋਂ ਉਹ 28 ਅਕਤੂਬਰ ਨੂੰ ਆਪਣੇ ਘਰ ਵਾਪਸ ਆਏ ਤੇ ਘਰ ਦੀ ਪੇਟੀ ਚੈੱਕ ਕੀਤੀ ਤਾਂ ਪੇਟੀ ’ਚੋਂ 12 ਛਾਪਾਂ ਤੇ ਇੱਕ ਸੋਨੇ ਚੈਨੀ (ਕਰੀਬ 8 ਤੋਲੇ ਸੋਨਾ) ਗਾਇਬ ਸੀ। ਸ਼ਿਕਾਇਤਕਰਤਾ ਦੇ ਲੜਕੇ ਜਸ਼ਨਦੀਪ ਸਿੰਘ ਨੇ ਦੱਸਿਆ ਹੈ ਕਿ 22 ਅਕਤੂਬਰ ਨੂੰ ਉਸ ਦਾ ਭਰਾ ਗਗਨਦੀਪ ਸਿੰਘ ਤੇ ਉਸ ਦਾ ਦੋਸਤ ਮਾਨਕ ਸਿੰਘ ਵਾਸੀ ਆਲਮਪੁਰ ਰਾਤ ਨੂੰ ਘਰੋਂ ਚਲੇ ਗਏ ਤੇ ਆਪਣਾ ਫੋਨ ਵੀ ਘਰ ਛੱਡ ਗਏ। ਜਿਨ੍ਹਾਂ ਦੀ ਪਰਿਵਾਰ ਵੱਲੋਂ ਭਾਲ ਕੀਤੀ ਗਈ ਪਰ ਉਹ ਅਜੇ ਤੱਕ ਨਹੀਂ ਲੱਭੇ। ਉਨ੍ਹਾਂ ਸ਼ਿਕਾਇਤ ’ਚ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਚੋਰੀ ਉਸ ਦੇ ਲੜਕੇ ਗਗਨਦੀਪ ਸਿੰਘ ਤੇ ਮਾਨਕ ਸਿੰਘ ਆਲਮਪੁਰ ਨੇ ਕੀਤੀ ਹੈ। ਪੁਲੀਸ ਨੇ ਕੇਵਲ ਸਿੰਘ ਦੀ ਸ਼ਿਕਾਇਤ ਉੱਪਰ ਉਕਤ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।