ਕੁੱਟਮਾਰ ਕਰਕੇ ਘਰੋਂ ਬਾਹਰ ਕੱਢੇ ਬਜ਼ੁਰਗ ਜੋੜੇ ਲਈ ਇਨਸਾਫ਼ ਮੰਗਿਆ
ਹਤਿੰਦਰ ਮਹਿਤਾ
ਜਲੰਧਰ, 30 ਅਗਸਤ
ਬਜ਼ੁਰਗ ਮਹਿਲਾ ਅਤੇ ਸਾਬਕਾ ਫੌਜੀ ਅਧਿਕਾਰੀ ਬਜ਼ੁਰਗ ਨੂੰ ਆਪਣੇ ਮਾਲਕੀ ਵਾਲੇ ਘਰ ’ਚੋਂ ਕੁੱਟਮਾਰ ਕਰਕੇ ਉਸ ਨੂੰ ਬਾਹਰ ਕੱਢਣ ਮਗਰੋਂ ਘਰ ’ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਥਾਣਾ ਭਾਰਗੋ ਕੈਂਪ ਪੁਲੀਸ ਵੱਲੋਂ ਬਣਦੀ ਕਾਰਵਾਈ ਨਾ ਕਰਨ ਖ਼ਿਲਾਫ਼ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਅੱਜ ਪੁਲੀਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਇਸ ਮੌਕੇ ਏਡੀਸੀਪੀ ਹੈਡਕੁਆਰਟਰ ਨੇ ਦੋ ਦਿਨਾਂ ਦਾ ਸਮਾਂ ਲੈਂਦਿਆਂ ਭਰੋਸਾ ਦਿੱਤਾ ਕਿ ਬਜ਼ੁਰਗ ਜੋੜੇ ਨੂੰ ਦੋ ਦਿਨਾਂ ਵਿੱਚ ਇਨਸਾਫ ਦਿੱਤਾ ਜਾਵੇਗਾ। ਇਸ ਸਮੇਂ ਪੀੜਤ ਬਜ਼ੁਰਗ ਔਰਤ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਨਿਊ ਦਸਮੇਸ਼ ਨਗਰ ਦੀ ਵਸਨੀਕ ਹੈ। ਉਸ ਦਾ ਪੁੱਤਰ ਪਰਮਜੀਤ ਸਿੰਘ ਅਤੇ ਨੂੰਹ ਸੰਦੀਪ ਕੌਰ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹਨ ਅਤੇ ਅਕਸਰ ਹੀ ਉਸ ਨਾਲ ਲੜਾਈ-ਝਗੜਾ ਕਰਦੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਰਾਤ 12 ਵਜੇ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਉਨ੍ਹਾਂ ਦੇ ਘਰ ਦਾਖਲ ਹੋਣ ਲੱਗੇ ਸਨ ਪਰ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਦੌੜ ਗਏ। ਉਨ੍ਹਾਂ ਵੱਲੋਂ ਥਾਣਾ ਭਾਰਗੋ ਕੈਂਪ ਵਿੱਚ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਇਸਤਰੀ ਜਾਗਰਤੀ ਮੰਚ ਦੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਕਿ ਜੇ ਬਜ਼ੁਰਗ ਜੋੜੇ ਨੂੰ ਇਨਸਾਫ ਨਹੀਂ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।