ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ
ਹਰਪ੍ਰੀਤ ਸਿੰਘ ਸਵੈਚ
ਪੰਜਾਬੀ ਕਹਾਵਤ ਹੈ ਕਿ ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਬੜੇ ਚਿਰਾਂ ਤੋਂ ਲਾਹੌਰ ਵੇਖਣ ਦੀ ਰੀਝ ਮਨ ਵਿੱਚ ਸੀ ਪਰ ਕਦੇ ਸਬੱਬ ਨਹੀਂ ਬਣਿਆ। ਇਤਫ਼ਾਕਵੱਸ, ਇਸ ਸਾਲ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਜਥੇ ਨਾਲ ਲਾਹੌਰ ਵੇਖਣ ਦਾ ਖ਼ੁਆਬ ਪੂਰਾ ਹੋ ਗਿਆ। ਲਾਹੌਰ ਨਾਲ ਸਾਡਾ ਇਤਿਹਾਸਕ ਤੇ ਵਿਰਾਸਤੀ ਤਾਅਲੁੱਕ ਜੁੜਿਆ ਹੋਇਆ ਹੈ। ਲਾਹੌਰ ਰੇਲਵੇ ਸਟੇਸ਼ਨ ’ਤੇ ਫੁੱਲਾਂ ਦੀ ਵਰਖਾ ਨਾਲ ਸਾਡਾ ਇਸਤਕਬਾਲ ਕੀਤਾ ਗਿਆ। ਇੱਥੋਂ ਬੱਸਾਂ ਰਾਹੀਂ ਅਸੀਂ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪਹੁੰਚੇ। ਇਸ ਅਸਥਾਨ ਦੀ ਤਾਮੀਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ। ਇਸੇ ਅਸਥਾਨ ’ਤੇ ਸ਼ੇਰ-ਏ-ਪੰਜਾਬ ਅਤੇ ਉਸ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀਆਂ ਸਮਾਧਾਂ ਵੀ ਬਣੀਆਂ ਹੋਈਆਂ ਹਨ। ਇੱਥੋਂ ਕੁਝ ਦੂਰੀ ’ਤੇ ਹੀ ਭੀੜੇ ਬਾਜ਼ਾਰਾਂ ਦਰਮਿਆਨ ਛੋਟੀਆਂ ਛੋਟੀਆਂ ਇਮਾਰਤਾਂ ਵਿੱਚ ਚੌਥੇ ਪਾਤਸ਼ਾਹ ਦਾ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ, ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਵੀ ਸੁਸ਼ੋਭਿਤ ਹਨ।
ਲਾਹੌਰ ਵਿੱਚ ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ, ਬਾਦਸ਼ਾਹੀ ਮਸਜਿਦ, ਜਹਾਂਗੀਰ ਤੇ ਨੂਰਜਹਾਂ ਦੇ ਮਕਬਰੇ ਸਮੇਤ ਮੁਗ਼ਲ ਸਾਮਰਾਜ, ਸਿੱਖ ਰਾਜ ਅਤੇ ਬਰਤਾਨਵੀ ਹਕੂਮਤ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਆਪਣੇ ਸੁਨਹਿਰੀ ਸਮੇਂ ਦੀਆਂ ਬਾਤਾਂ ਪਾਉਂਦੀਆਂ ਨਜ਼ਰ ਆਉਂਦੀਆਂ ਹਨ। ਲਾਹੌਰ ਦੀ ਜੇਲ ਰੋਡ ’ਤੇ ਸਥਿਤ ਗੋਰਾ ਕਬਰਿਸਤਾਨ ਵਿੱਚ ਸਿੱਖ ਰਾਜ ਦੇ ਆਖ਼ਰੀ ਪੰਨੇ ਮਹਾਰਾਜਾ ਦਲੀਪ ਸਿੰਘ ਦੀ ਧੀ ਰਾਜਕੁਮਾਰੀ ਬੰਬਾ ਦਲੀਪ ਸਿੰਘ ਦੀ ਸਮਾਧ ਵੀ ਬਣੀ ਹੋਈ ਹੈ।
ਸ਼ੇਰ-ਏ-ਪੰਜਾਬ ਵੱਲੋਂ ਆਪਣੇ ਰਾਜ ਵੇਲੇ ਵਰਤੇ ਜਾਂਦੇ ਸ਼ਾਹੀ ਕਿਲ੍ਹੇ ਦੀ ਤਾਮੀਰ ਮੁਗ਼ਲ ਬਾਦਸ਼ਾਹ ਅਕਬਰ ਨੇ ਕਰਵਾਈ ਸੀ ਅਤੇ ਉਸ ਨੇ ਪਹਿਲੀ ਵਾਰ ਕੁਝ ਸਾਲਾਂ ਵਾਸਤੇ ਦਿੱਲੀ ਛੱਡ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਇਸੇ ਸ਼ਾਹੀ ਮਹਿਲ ਵਿੱਚ ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਨੇ ਇੱਕ ਖ਼ੁਆਬ ਵੇਖਿਆ ਕਿ ਉਹ ਤਾਰਿਆਂ ਦੀ ਛਾਂ ਹੇਠ ਬੱਦਲਾਂ ’ਤੇ ਤੁਰ ਰਹੀ ਹੈ। ਸ਼ਾਹਜਹਾਂ ਨੇ ਆਪਣੀ ਬੇਗਮ ਦਾ ਖ਼ੁਆਬ ਪੂਰਾ ਕਰਨ ਲਈ ਇਸ ਸ਼ਾਹੀ ਮਹਿਲ ਵਿੱਚ ਚਮਕਦਾਰ ਨਗੀਨਿਆਂ ਨਾਲ ਇੱਕ ਐਸੇ ਸ਼ੀਸ਼ਮਹਿਲ ਦਾ ਨਿਰਮਾਣ ਕਰਵਾ ਦਿੱਤਾ ਜਿੱਥੇ ਰੌਸ਼ਨੀ ਪੈਂਦਿਆਂ ਹੀ ਛੱਤ ਅਤੇ ਕੰਧਾਂ ਤਾਰਿਆਂ ਵਾਂਗ ਚਮਕ ਜਾਂਦੀਆਂ ਤੇ ਫਰਸ਼ ਦੁਧੀਆ ਬੱਦਲਾਂ ਦਾ ਭੁਲੇਖਾ ਪਾਉਂਦਾ। ਔਰੰਗਜ਼ੇਬ ਨੇ ਇਸ ਕਿਲ੍ਹੇ ਦੇ ਬਿਲਕੁਲ ਸਾਹਮਣੇ ਬਾਦਸ਼ਾਹੀ ਮਸਜਿਦ ਦਾ ਨਿਰਮਾਣ ਕਰਵਾਇਆ, ਜੋ ਇਮਾਰਤਸਾਜ਼ੀ ਦਾ ਅਦਭੁੱਤ ਨਮੂਨਾ ਹੈ। ਸ਼ਾਹੀ ਕਿਲ੍ਹੇ ਦੇ ਰੁਸ਼ਨਾਈ ਦਰਵਾਜ਼ੇ ਕੋਲ ਇੱਕ ਫੂਡ ਸਟਰੀਟ ਬਣੀ ਹੋਈ ਹੈ, ਜਿੱਥੇ ਲਾਲ ਹਵੇਲੀ ਅਤੇ ਸ਼ਾਹੀ ਬਾਵਰਚੀ ਖਾਨਾ ਰੈਸਤਰਾਂ ਬਹੁਤ ਮਕਬੂਲ ਹਨ। ਲਾਲ ਹਵੇਲੀ ਦੀ ਛੱਤ ’ਤੇ ਬਣੇ ਰੈਸਤਰਾਂ ਤੋਂ ਲਗਭਗ ਸਾਰਾ ਲਾਹੌਰ ਸ਼ਹਿਰ ਵਿਖਾਈ ਦਿੰਦਾ ਹੈ। ਇੱਥੇ ਇੱਕ ਭੀੜੇ ਬਾਜ਼ਾਰ ਵਿੱਚ ਸ਼ਾਹ ਹੁਸੈਨ ਦੇ ਸਾਥੀ ਮਾਧੋ ਲਾਲ ਹੁਸੈਨ ਦਾ ਮਕਬਰਾ ਹੈ।ਇਸੇ ਤਰ੍ਹਾਂ ਸ਼ਾਲੀਮਾਰ ਬਾਗ਼ ਦੀ ਖ਼ੂਬਸੂਰਤੀ ਬਿਆਨ ਤੋਂ ਪਰ੍ਹੇ ਹੈ। ਇੱਥੇ ਹੀ ਰੇਲਵੇ ਲਾਈਨ ਦੇ ਨਜ਼ਦੀਕ ਬਾਦਸ਼ਾਹ ਜਹਾਂਗੀਰ ਤੇ ਨੂਰਜਹਾਂ ਦੇ ਮਕਬਰੇ ਵੀ ਹਨ।
ਇਇੱ ਪੁਰਾਣਾ ਲੋਕਗੀਤ ਹੈ ‘‘ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ।’’ ਬਾਦਸ਼ਾਹ ਅਕਬਰ ਨੇ ਸੁਰੱਖਿਆ ਦੇ ਪੱਖ ਤੋਂ ਲਾਹੌਰ ਸ਼ਹਿਰ ਵਿੱਚ 12 ਦਰਵਾਜ਼ੇ ਤੇ ਇੱਕ ਮੋਰੀ ਦਾ ਨਿਰਮਾਣ ਕਰਵਾਇਆ ਸੀ। ਲਾਹੌਰ ਵਿੱਚ ਦਿੱਲੀ ਦਰਵਾਜ਼ਾ ਬਾਜ਼ਾਰ, ਅਨਾਰਕਲੀ ਬਾਜ਼ਾਰ, ਲੰਡਾ ਬਾਜ਼ਾਰ ਅਤੇ ਅਜ਼ਾਨ ਬਾਜ਼ਾਰ ਬਹੁਤ ਪ੍ਰਸਿੱਧ ਹਨ। ਇੱਥੇ ਦੋ ਘੋੜਾ ਬੋਸਕੀ ਦਾ ਕੁੜਤੇ ਪਜਾਮੇ ਦਾ ਕੱਪੜਾ ਕਾਫ਼ੀ ਮਕਬੂਲ ਹੈ।
ਲਾਹੌਰ ਦੇ ਦਿੱਲੀ ਦਰਵਾਜ਼ਾ ਬਾਜ਼ਾਰ ਵਿੱਚ ਸੁਰਜਨ ਸਿੰਘ ਦੀ ਗਲੀ ਨੂੰ ਉੱਥੋਂ ਦੀ ਸਰਕਾਰ ਵੱਲੋਂ ਵਿਰਾਸਤੀ ਪ੍ਰਾਜੈਕਟ ਤਹਿਤ ਵਿਕਸਤ ਕੀਤਾ ਗਿਆ ਹੈ। ਦੋ-ਢਾਈ ਸੌ ਸਾਲ ਪੁਰਾਣੀ ਇਸ ਗਲੀ ਵਿੱਚ ਮੁਗ਼ਲ ਹਕੂਮਤ ਸਮੇਂ ਵੈਦ ਸੁਰਜਨ ਸਿੰਘ ਦੀ ਹਵੇਲੀ ਹੋਇਆ ਕਰਦੀ ਸੀ, ਜਿਸ ਦੇ ਹੱਥਾਂ ਵਿੱਚ ਐਸੀ ਸ਼ਫਾ ਸੀ ਕਿ ਮਰੀਜ਼ ਨੂੰ ਹੱਥ ਲਾਇਆਂ ਹੀ ਉਸ ਦਾ ਬੁਖਾਰ ਉਤਰ ਜਾਂਦਾ ਸੀ। ਲਾਹੌਰ ਦੇ ਨੌਜੁਆਨ ਮੁੰਡੇ ਕੁੜੀਆਂ ਵਿੱਚ ਇਹ ਗਲੀ ਕਾਫ਼ੀ ਮਕਬੂਲ ਹੈ। ਇਸੇ ਗਲੀ ਵਿੱਚ ਉਸਮਾਨ ਦੀ ਬੈਠਕ ਕੌਫ਼ੀ ਸ਼ਾਪ ਹੈ, ਜਿੱਥੇ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਚਾਹ ਦੀਆਂ ਚੁਸਕੀਆਂ ਲਈਆਂ। ਇੱਥੇ ਸਬੱਬੀਂ ਮਿਲੇ ਇੱਕ ਸੂਫ਼ੀ ਫਨਕਾਰ ਨੇ ਮੀਆਂ ਮੁਹੰਮਦ ਬਖਸ਼ ਅਤੇ ਪੀਰ ਵਾਰਸ ਸ਼ਾਹ ਦੇ ਕਲਾਮ ਸੁਣਾ ਕੇ ਮਹਿਫ਼ਿਲ ਸਜਾ ਦਿੱਤੀ। ਇਸੇ ਮਹਿਫ਼ਿਲ ਵਿੱਚ ਮੈਨੂੰ ਵੀ ਆਪਣਾ ਕਲਾਮ ਸੁਣਾਉਣ ਦਾ ਮੌਕਾ ਮਿਲਿਆ, ਜਿਸ ਨੂੰ ਖ਼ੂਬ ਦਾਦ ਬਖਸ਼ੀ ਗਈ।
ਲਾਹੌਰ ਸ਼ਹਿਰ ਦੀ ਰੌਣਕ ਬਾਰੇ ਇੱਕ ਕਹਾਵਤ ਮਸ਼ਹੂਰ ਹੈ ਕਿ ‘ਸੱਤੋ ਦਿਨ ਅੱਠ ਮੇਲੇ, ਕਾਰ ਜਾਵਾਂ ਕਿਹੜੇ ਵੇਲੇ’। ਲਾਹੌਰ ਨੂੰ ਲਾ ਹੋਰ ਵੀ ਕਿਹਾ ਜਾਂਦਾ ਹੈ ਭਾਵ ਇੱਥੋਂ ਦੇ ਬਾਜ਼ਾਰਾਂ ਵਿੱਚ ਜਿੰਨੀ ਜ਼ਿਆਦਾ ਖਰੀਦੋ-ਫਰੋਖਤ ਕਰੋ ਉਨੀ ਹੀ ਘੱਟ ਹੈ। ਇਨ੍ਹਾਂ ਬਾਜ਼ਾਰਾਂ ਵਿੱਚ ਘੁੰਮਦਿਆਂ ਮੁਸਲਮਾਨ ਵੀਰਾਂ ਨਾਲ ਸਤਿ ਸ੍ਰੀ ਅਕਾਲ ਤੇ ਦੁਆ ਸਲਾਮ ਹੁੰਦੀ ਰਹਿੰਦੀ। ਕਈ ਮੁਸਲਮਾਨ ਵੀਰਾਂ ਨੇ ਸਾਨੂੰ ਆਖਿਆ ਕਿ ‘‘ਸਰਦਾਰ ਜੀ, ਅਸਾਂ ਦੇ ਘਰ ਚੱਲੋ, ਸਾਨੂੰ ਖਿਦਮਤ ਦਾ ਮੌਕਾ ਦਿਓ।’’ ਲਾਹੌਰੀਆਂ ਦੀ ਇਸ ਅਪਣੱਤ ਨੇ ਸਾਡਾ ਮਨ ਮੋਹ ਲਿਆ।
ਬਾਦਸ਼ਾਹੀ ਮਸਜਿਦ ਵਿੱਚ ਸਾਨੂੰ ਇਸ਼ਾ ਦੀ ਨਮਾਜ਼ ਵੇਲੇ ਜਾਣ ਦਾ ਮੌਕਾ ਮਿਲਿਆ। ਮਸਜਿਦ ਦੇ ਮੁੱਖ ਦੁਆਰ ਤੋਂ ਇਬਾਦਤਗਾਹ ਦਾ ਰਸਤਾ ਮਹਿਜ਼ ਦੋ
ਤਿੰਨ ਸੌ ਮੀਟਰ ਹੋਵੇਗਾ, ਪਰ ਸਾਨੂੰ ਇਬਾਦਤਗਾਹ ਤੱਕ ਪਹੁੰਚਣ ਲਈ ਇੱਕ ਘੰਟਾ ਲੱਗ ਗਿਆ ਕਿਉਂਕਿ ਉੱਥੋਂ ਦੇ ਮੁਸਲਿਮ ਨੌਜੁਆਨ ਮੁੰਡੇ ਕੁੜੀਆਂ, ਬੱਚੇ ਤੇ ਬਜ਼ੁਰਗਾਂ ਵੱਲੋਂ ਐਨਾ ਪਿਆਰ ਤੇ ਸਤਿਕਾਰ ਮਿਲਿਆ ਤੇ ਉਨ੍ਹਾਂ ਦੀ ਫਰਮਾਇਸ਼ ’ਤੇ ਸਾਨੂੰ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦਿਆਂ ਹੀ ਇੱਕ ਘੰਟਾ ਲੱਗ ਗਿਆ। ਇੱਥੇ ਹੀ ਕਈ ਟੀ.ਵੀ. ਚੈਨਲਾਂ ਅਤੇ ਯੂਟਿਊਬਰਾਂ ਨੇ ਸਾਡੀਆਂ ਇੰਟਰਵਿਊਜ਼ ਲਈਆਂ। ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਬਹੁਤ ਉੱਘੀਆਂ ਸ਼ਖ਼ਸੀਅਤਾਂ ਹੋਈਏ, ਪਰ ਅਸਲ ਵਿੱਚ ਇਹ ਮਾਣ ਸਤਿਕਾਰ ਸਾਨੂੰ ਨਹੀਂ ਸਗੋਂ ਸਾਡੇ ਸਿਰਾਂ ’ਤੇ ਸਜੀ ਦਸਤਾਰ ਨੂੰ ਮਿਲ ਰਿਹਾ ਸੀ। ਇਹ ਗੱਲ ਮੰਨਣੀ ਪਵੇਗੀ ਕਿ ਲਹਿੰਦੇ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਦਾ ਕੋਈ ਮੁਕਾਬਲਾ ਨਹੀਂ। ਖ਼ਾਸ ਕਰਕੇ ਦਸਤਾਰ ਵਾਲਿਆਂ ਨੂੰ ਤਾਂ ਉਹ ਆਪਣੇ ਹੱਥਾਂ ’ਤੇ ਹੀ ਚੁੱਕ ਲੈਂਦੇ ਹਨ।
ਲਾਹੌਰ ਸ਼ਹਿਰ ਦੇ ਆਮ ਲੋਕ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਸੁਨਹਿਰੀ ਰਾਜ ਦੀਆਂ ਗੱਲਾਂ ਕਰਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਮੁਗ਼ਲ ਰਾਜ ਵੇਲੇ ਕਤਲੋਗਾਰਤ ਤੇ ਲੁੱਟਮਾਰ ਦੇ ਮਾਹੌਲ ਤੋਂ ਬਾਅਦ ਸ਼ੇਰ-ਏ-ਪੰਜਾਬ ਨੇ ਲਾਹੌਰ ਵਿੱਚ ਅਮਨ-ਅਮਾਨ ਕਾਇਮ ਕੀਤਾ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੌਰਾਨ ਲਾਹੌਰ ਵਿੱਚ ਇੱਕ ਵਾਰ ਵੀ ਕਾਲ ਨਹੀਂ ਪਿਆ, ਕੋਈ ਫ਼ਿਰਕੂ ਫਸਾਦ ਨਹੀਂ ਹੋਇਆ ਅਤੇ ਇੱਕ ਵੀ ਮੁਜਰਿਮ ਨੂੰ ਸਜ਼ਾ-ਏ-ਮੌਤ ਨਹੀਂ ਦਿੱਤੀ ਗਈ।
ਰੇਲ ਸਫ਼ਰ ਦੌਰਾਨ ਲਹਿੰਦੇ ਪੰਜਾਬ ਵਿੱਚ ਸਾਨੂੰ ਮੀਲੋ-ਮੀਲ ਜ਼ਮੀਨਾਂ ਹੀ ਜ਼ਮੀਨਾਂ ਨਜ਼ਰ ਆਈਆਂ। ਕਈ ਕਈ ਮੀਲ ਬਾਅਦ ਕੋਈ ਪਿੰਡ ਨਜ਼ਰ ਆਇਆ। ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਸਾਡਾ ਚੜ੍ਹਦਾ ਪੰਜਾਬ ਤਾਂ ਇਸ ਦੇ ਮੁਕਾਬਲੇ ਬਹੁਤ ਛੋਟਾ ਰਹਿ ਗਿਆ ਹੈ। ਲਾਹੌਰ ਦੀਆਂ ਗਲੀਆਂ ਵਿੱਚ ਵਿਚਰਦਿਆਂ ਇੱਕ ਗੱਲ ਮਹਿਸੂਸ ਕੀਤੀ ਕਿ ਸਾਡੀ ਬੋਲੀ ਵੀ ਸਾਂਝੀ, ਸਾਡੀ ਰਹਿਤਲ ਵੀ ਸਾਂਝੀ, ਸਾਡਾ ਵਿਰਸਾ ਵੀ ਸਾਂਝਾ, ਸਾਡੇ ਅਕੀਦੇ ਵੀ ਸਾਂਝੇ, ਬੱਸ ਸਾਡੇ ਦੇਸ਼ ਹੀ ਵੱਖੋ-ਵੱਖਰੇ ਹਨ। ਕਾਸ਼! ਕਿਤੇ ਇਹੋ ਜਿਹਾ ਵੇਲਾ ਆਵੇ ਕਿ ਦੋਹਾਂ ਪੰਜਾਬਾਂ ਦੀਆਂ ਇਹ ਸਰਹੱਦਾਂ ਖ਼ਤਮ ਹੋ ਜਾਣ ਤੇ ਸਾਡੇ ਵਰਗੇ ਆਮ ਲੋਕਾਂ ਨੂੰ ਖੁੱਲ੍ਹ ਕੇ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲੇ।
ਸੰਪਰਕ: 98782-24000