ਆਪਣਿਆਂ ਨੂੰ ਗਰਾਂਟਾਂ ਵੰਡਣ ਦੇ ਦੋਸ਼ ਨਕਾਰੇ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 10 ਜੂਨ
ਪੰਜਾਬ ਭਾਜਪਾ ਦੀ ਮਹਿਲਾ ਆਗੂ ਨਿਮਿਸ਼ਾ ਮਹਿਤਾ ਵੱਲੋਂ ਪਿਛਲੇ ਦਿਨੀਂ ਜਲੰਧਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਹਲਕੇ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਉਤੇ ਲੋੜਵੰਦ ਲੋਕਾਂ ਦੀ ਥਾਂ ਆਪਣੇ ਨੇੜਲਿਆਂ ਨੂੰ ਵੱਖ ਵੱਖ ਸਮਾਜ ਭਲਾਈ ਸਕੀਮਾਂ ਦਾ ਆਰਥਿਕ ਲਾਭ ਦੇਣ ਸਬੰਧੀ ਦੋਸ਼ ਲਾਏ ਗਏ ਸਨ ਜਿਨ੍ਹਾਂ ਨੂੰ ਅੱਜ ਰੌੜੀ ਨੇ ਸਿਰੇ ਤੋਂ ਨਕਾਰਿਆ ਹੈ। ਸ੍ਰੀ ਰੌੜੀ ਨੇ ਕਿਹਾ ਕਿ ਭਾਜਪਾ ਆਗੂ ਨੂੰ ਪਹਿਲਾਂ ਪੇਸ਼ ਕੀਤੇ ਵੇਰਵਿਆਂ ਦੇ ਤੱਥਾਂ ਦੀ ਪੁਣਛਾਣ ਕਰ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਿੰਡ ਹਵੇਲੀ ਦੀ ਲੜਕੀ ਜਸਪ੍ਰੀਤ ਕੌਰ ਬਾਰੇ ਦੋਸ਼ ਲਾਇਆ ਕਿ ਲੜਕੀ ਆਸਟਰੇਲੀਆ ਵਿੱਚ ਪੜ੍ਹ ਰਹੀ ਹੈ ਪਰ ਇਸ ਨੂੰ ਝੂਠਾ ਅਤੇ ਬੇ-ਬੁਨਿਆਦ ਦੱਸਦਿਆਂ ਰੌੜੀ ਨੇ ਕਿਹਾ ਕਿ ਇਹ ਲੜਕੀ ਆਪਣੇ ਪਿੰਡ ਹਵੇਲੀ ਹੀ ਰਹਿੰਦੀ ਹੈ ਜਿਸਦੀ ਦੀਆਂ ਦੋਵੇਂ ਕਿਡਨੀਆਂ ਖਰਾਬ ਸਨ ਅਤੇ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਲੋੜਵੰਦ ਪਰਿਵਾਰਾਂ ਦੀ ਪੂਰੀ ਜਾਂਚ ਪੜਤਾਲ ਕਰਕੇ ਹੀ ਗ੍ਰਾਂਟਾਂ ਦੀ ਵੰਡ ਕੀਤੀ ਹੈ। ਇਸੇ ਤਰ੍ਹਾਂ ਪਿੰਡ ਕਿੱਤਣਾ ਵਿਚ ਗਿਆਨ ਚੰਦ ਪੁੱਤਰ ਤੁਲਸੀ ਰਾਮ ਜੋ ਕਿ ਨੇਤਰਹੀਣ ਹੈ ਜਿਸ ਦੇ ਅੱਖਾਂ ਦੇ ਇਲਾਜ ਲਈ ਅਤੇ ਘਰ ਦੀ ਮੁਰੰਮਤ ਲਈ ਗਰਾਂਟ ਦਿੱਤੀ ਗਈ। ਪਿੰਡ ਇਬਰਾਹੀਮਪੁਰ ਦੀ ਵਿਧਵਾ ਸੁਰਿੰਦਰ ਕੌਰ ਨੂੰ ਮਕਾਨ ਦੀ ਛੱਤ ਲਈ, ਗੁਰਭਾਗ ਸਿੰਘ ਖੁਰਾਲੀ ਨੂੰ ਪਸ਼ੂਆਂ ਦੀ ਸ਼ੈੱਡ ਲਈ, ਗੁਲਜਿੰਦਰ ਸਿੰਘ ਝੋਨੋਵਾਲ ਨੂੰ ਮਕਾਨ ਰਿਪੇਅਰ ਲਈ ਗਰਾਂਟ ਦਿੱਤੀ ਗਈ ਹੈ।