ਹੜ੍ਹ ਪੀੜਤਾਂ ਲਈ ਮੁਆਵਜ਼ਾ ਮੰਗਿਆ
ਪੱਤਰ ਪ੍ਰੇਰਕ
ਪਾਤੜਾਂ, 19 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਹੜ੍ਹ ਦੀ ਭੇਟ ਚੜ੍ਹੀਆਂ ਫ਼ਸਲਾਂ, ਪਸ਼ੂਆਂ, ਮਕਾਨਾਂ ਆਦਿ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।ਜਥੇਬੰਦੀ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਹੜ੍ਹ ਨੇ ਸਭ ਤੋਂ ਵੱਧ ਨੁਕਸਾਨ ਕਿਰਸਾਨੀ ਦਾ ਕੀਤਾ ਹੈ। ਜੇਕਰ ਸਮਾਂ ਰਹਿੰਦੇ ਡਰੇਨਜ਼ ਵਿਭਾਗ ਦੀ ਜਾਗ ਖੁੱਲ੍ਹੀ ਹੁੰਦੀ ਤਾਂ ਨੁਕਸਾਨ ਬਹੁਤ ਘੱਟ ਹੋਣਾ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਅਧਿਕਾਰੀਆਂ ਦੀ ਬਦੌਲਤ ਨੁਕਸਾਨ ਜ਼ਿਆਦਾ ਹੋਇਆ ਹੈ ਪੜਤਾਲ ਕਾਰਵਾ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਝੋਨੇ ਦਾ ਖ਼ਰਾਬਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ, ਮਨੁੱਖੀ ਜਾਨ ਦੇ ਦਸ ਲੱਖ, ਇਕ ਮੈਂਬਰ ਨੂੰ ਨੌਕਰੀ, ਡਿੱਗੇ ਘਰ ਦਾ ਡੇਢ ਲੱਖ, ਮੱਝ ਜਾਂ ਗਾਂ ਦੀ ਮੌਤ ਦਾ ਇਕ ਲੱਖ, ਸਬਮਰਸੀਬਲ ਮੋਟਰ ਦਾ ਢਾਈ ਲੱਖ ਅਤੇ ਖੇਤਾਂ ਵਿਚ ਡਿੱਗੇ ਕੋਠਿਆਂ ਦਾ ਸੱਠ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮੀਟਿੰਗ ਦੌਰਾਨ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ, ਸੁਖਦੇਵ ਸਿੰਘ ਹਰਿਆਊ, ਸੂਬੇਦਾਰ ਨਰਾਤਾ ਸਿੰਘ, ਸੁਬੇਗ ਸਿੰਘ ਸ਼ੁਤਰਾਣਾ, ਹਰਪਾਲ ਸਿੰਘ, ਭਗਵੰਤ ਸਿੰਘ ਤੇ ਮਨਜੀਤ ਸਿੰਘ ਤੇਈਪੁਰ ਹਾਜ਼ਰ ਸਨ।