ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕੀਤੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਜੁਲਾਈ
ਇੱਥੇ ਬਠਿੰਡਾ-ਮਾਨਸਾ ਰੇਲਵੇ ਲਾਈਨ ’ਤੇ ਸਥਿਤ ਕੋਟਫੱਤਾ ਰੇਲਵੇ ਸਟੇਸ਼ਨ ’ਤੇ ਨੌਜਵਾਨ ਨੇ ਰੇਲ ਗੱਡੀ ਹੇਠਾਂ ਆ ਕੇ ਕਥਿਤ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (21) ਪੁੱਤਰ ਮੰਦਰ ਸਿੰਘ ਵਾਸੀ ਕੋਟਫੱਤਾ ਵਜੋਂ ਦੱਸੀ ਗਈ ਹੈ। ਨੌਜਵਾਨ ਮਜ਼ਦੂਰ ਸੀ ਅਤੇ ਦਿਹਾੜੀ ਕਰਦਾ ਸੀ। ਇਹ ਵੀ ਦੱਸਿਆ ਗਿਆ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਦੂਜੀ ਘਟਨਾ ’ਚ ਨੌਜਵਾਨ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਥੇ ਮਾਡਲ ਟਾਊਨ ਫੇਜ਼-2 ਵਿੱਚ ਨੌਜਵਾਨ ਉਸਾਰੀ ਅਧੀਨ ਇਮਾਰਤ ਵਿੱਚ ਬਿਜਲੀ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਿੱਕੀ ਕੁਮਾਰ ਅਤੇ ਸੰਦੀਪ ਗਿੱਲ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (24) ਪੁੱਤਰ ਗੁਰਤੇਜ ਸਿੰਘ ਵਾਸੀ ਬੁਲਾਡੇ ਵਾਲਾ ਵਜੋਂ ਹੋਈ।
ਲਾਵਾਰਸ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
ਫ਼ਾਜ਼ਿਲਕਾ/ਅਬੋਹਰ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਜ਼ਿਲ੍ਹੇ ਦੀ ਢਾਣੀ ਸਫ਼ੀ ਵਾਸੀ ਵਿਅਕਤੀ ਦਾ ਮੋਟਰਸਾਈਕਲ ਲਾਵਾਰਸ ਪਸ਼ੂ ਨਾਲ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਖੂਈ ਖੇੜਾ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਕਰੀਬ 24 ਸਾਲਾ ਬਲਦੇਵ ਸਿੰਘ ਪੁੱਤਰ ਬੰਤਾ ਸਿੰਘ ਜਿਸ ਦੇ ਵਿਆਹ ਨੂੰ ਕਰੀਬ ਡੇਢ ਸਾਲ ਹੋਇਆ ਸੀ ਅਤੇ ਉਸ ਦਾ ਇਕ ਸਾਲ ਦਾ ਪੁੱਤਰ ਵੀ ਸੀ। ਬੀਤੀ ਰਾਤ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪੱਤਰੇਵਾਲਾ ਵਿੱਚ ਜ਼ਮੀਨੀ ਕੰਮ ਲਈ ਜਾ ਰਿਹਾ ਸੀ ਤਾਂ ਪਿੰਡ ਚੂਹੜੀਵਾਲਾ ਧੰਨਾ ਨੇੜੇ ਅਚਾਨਕ ਸੜਕ ’ਤੇ ਲਾਵਾਰਸ ਪਸ਼ੂ ਆਉਣ ਕਾਰਨ ਮੋਟਰਸਾਈਕਲ ਉਸ ਵਿਚ ਟਕਰਾ ਗਿਆ। ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।