ਹਵਾਲਾ ਕਾਰੋਬਾਰ ਤੇ ਹੈਰੋਇਨ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਪੱਤਰ ਪ੍ਰੇਰਕ
ਅਟਾਰੀ, 20 ਨਵੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਹੈਰੋਇਨ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 14.55 ਲੱਖ ਰੁਪਏ ਦੀ ਡਰੱਗ ਮਨੀ, 110 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਦੋ ਕਾਰਤੂਸ, ਪੰਜ ਮੋਬਾਈਲ ਫ਼ੋਨ, ਮੋਟਰਸਾਈਕਲ, ਐਕਟਿਵਾ ਤੋਂ ਇਲਾਵਾ ਦੋ ਕਾਰਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮੁੱਖ ਅਫ਼ਸਰ ਥਾਣਾ ਲੋਪੋਕੇ ਨੂੰ 11 ਨਵੰਬਰ ਨੂੰ ਗੁਪਤ ਸੂਚਨਾ ਮਿਲੀ ਕਿ ਬਲਦੇਵ ਸਿੰਘ , ਗੁਰਜੰਟ ਸਿੰਘ ਹੈਰੋਇਨ ਦੀ ਤਸਕਰੀ ਕਰਦੇ ਹਨ। ਉਨ੍ਹਾਂ ਨੇ ਤਨਵੀਰ ਸਿੰਘ ਵਾਸੀ ਛੇਹਰਟਾ ਨੂੰ ਕੁਝ ਰਕਮ ਸਪਲਾਈ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਬਲਦੇਵ ਸਿੰਘ ਅਤੇ ਗੁਰਜੰਟ ਸਿੰਘ ਤੇ ਤਨਵੀਰ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ। ਪੜਤਾਲ ਮਗਰੋਂ ਤਨਵੀਰ ਸਿੰਘ ਦੇ ਦੱਸਣ ਮਗਰੋਂ ਸੰਦੀਪ ਸਿੰਘ ਵਾਸੀ ਪਠਾਣ ਮਾਜਰਾ ਅਤੇ ਜਸਵੰਤ ਸਿੰਘ, ਅਨੂਪ ਸਿੰਘ ਵਾਸੀ ਪਿੰਡ ਨੂਰਪੁਰ ਫਰਾਂਸਵਾਲਾ ਨੂੰ ਫੋਨ, ਨਗਦੀ ਤੇ ਕਾਰ ਸਣੇ ਕਾਬੂ ਕੀਤਾ ਹੈ। ਇਸੇ ਦੌਰਾਨ ਪੜਤਾਲ ਦੌਰਾਨ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਖ਼ੁਲਾਸ ਕਰਦੇ ਹੋਏ ਨਸ਼ਾ ਤਸਕਰੀ ’ਚ ਕੁਲਦੀਪ ਸਿੰਘ ਵਾਸੀ ਜਠੌਲ ਤੇ ਭਗਵਾਨ ਸਿੰਘ ਵਾਸੀ ਮਹਾਵਾ ਤੇ ਗੁਰਪ੍ਰੀਤ ਸਿੰਘ ਵਾਸੀ ਮਹਾਵਾ ਨੂੰ ਨਾਮਜ਼ਦ ਕਰਵਾਇਆ। ਕੁਲਦੀਪ ਸਿੰਘ ਅਤੇ ਭਗਵਾਨ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਤੋਂ ਕੀਤੀ ਪੜਤਾਲ ਦੇ ਆਧਾਰ ’ਤੇ ਜ਼ਿਲ੍ਹਾ ਕਪੂਰਥਲਾ ਤੋਂ ਜੋਗੇਸ਼ ਅਤੇ ਅਜੇ ਨਾਮ ਦੇ ਵਿਅਕਤੀਆ ਨੂੰ ਪਿਸਤੌਲ, ਨਗਦੀ ਅਤੇ ਇੱਕ ਕਾਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ।