ਹੌਲਦਾਰ ਵੱਲੋਂ ਥਾਣੇ ਅੰਦਰ ਨਾਬਾਲਗ ਨਾਲ ਜਬਰ-ਜਨਾਹ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਜੁਲਾਈ
ਕਸਬਾ ਬਾਬੈਨ ਦੇ ਥਾਣੇ ਵਿੱਚ ਬਣੇ ਮਹਿਲਾ ਮਿੱਤਰ ਘਰ ’ਚ ਇਕ ਹੌਲਦਾਰ ਵੱਲੋਂ ਨਾਬਾਲਗ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ ਸ਼ਾਮ ਲਾਲ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੇ ਸਰਕਾਰੀ ਸਿਹਤ ਕੇਂਦਰ ਬਾਬੈਨ ਵਿੱਚ ਪੀੜਤਾ ਦੀ ਮੈਡੀਕਲ ਜਾਂਚ ਕਰਾਉਣ ਤੋਂ ਇਲਾਵਾ ਫੌਰੈਂਸਿਕ ਟੀਮ ਨੂੰ ਮੌਕੇ ’ਤੇ ਬੁਲਾ ਕੇ ਸਬੂਤ ਇੱਕਠੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਵਿਚ ਬਣੇ ਮਹਿਲਾ ਮਿੱਤਰ ਘਰ ਦਾ ਅਜੇ ਉਦਘਾਟਨ ਨਹੀਂ ਸੀ ਹੋਇਆ ਤੇ ਨਾ ਹੀ ਉਥੇ ਕੋਈ ਮਹਿਲਾ ਮੁਲਾਜ਼ਮ ਤਾਇਨਾਤ ਸੀ, ਪਰ ਫਿਰ ਵੀ ਨਾਬਾਲਗ ਨੂੰ ਇੱਥੇ ਰੱਖਿਆ ਗਿਆ। ਸੂਚਨਾ ਮਿਲਣ ’ਤੇ ਐਸਪੀ ਘਟਨਾ ਸਥਾਨ ’ਤੇ ਪੁੱਜੇ ਅਤੇ ਹੌਲਦਾਰ ਨੂੰ ਤੁਰੰਤ ਬਰਖਾਸਤ ਕਰ ਦਿੱਤਾ। ਦੂਜੇ ਪਾਸੇ ਪੀੜਤ ਪਰਿਵਾਰ ਨੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੋ ਮਹੀਨੇ ਪਹਿਲਾਂ ਆਪਣੀ ਮਾਮੀ ਨਾਲ ਕਿਧਰੇ ਚਲੀ ਗਈ ਸੀ ਤੇ ਉਨ੍ਹਾਂ ਨੇ ਬਾਬੈਨ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਸੀ। ਚਾਰ ਦਨਿ ਪਹਿਲਾਂ ਪੀੜਤ ਆਪਣੇ ਘਰ ਵਾਪਸ ਆ ਗਈ, ਪਰ ਬਾਬੈਨ ਥਾਣੇ ਵਿਚ ਮਾਮਲਾ ਦਰਜ ਹੋਣ ਕਾਰਨ ਪੁਲੀਸ ਨੇ ਲੜਕੀ ਦੇ ਬਿਆਨ ਲੈਣੇ ਸਨ। ਬਾਬੈਨ ਥਾਣੇ ਦੇ ਹੌਲਦਾਰ ਸ਼ਾਮ ਲਾਲ ਨੇ ਪੀੜਤ ਲੜਕੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਇਹ ਮਾਮਲਾ ਨਬਿੇੜ ਦੇਣਗੇ। ਮੁਲਾਜ਼ਮ ਦੇ ਕਹਿਣ ਅਨੁਸਾਰ ਪੀੜਤਾ ਦੇ ਪਰਿਵਾਰਕ ਮੈਂਬਰ ਅਸ਼ਟਾਮ ਲੈਣ ਚਲੇ ਗਏ ਤੇ ਉਹ ਪੀੜਤਾ ਤੇ ਉਸ ਦੀ ਨਾਨੀ ਨੂੰ ਮਹਿਲਾ ਮਿੱਤਰ ਘਰ ਵਿਚ ਲੈ ਗਿਆ।
ਲੜਕੀ ਦੀ ਨਾਨੀ ਨੂੰ ਬਾਹਰ ਬਿਠਾ ਕੇ ਬਿਆਨ ਲੈਣ ਦੇ ਬਹਾਨੇ ਲੜਕੀ ਨੂੰ ਕਮਰੇ ਵਿਚ ਲੈ ਗਿਆ ਤੇ ਲੜਕੀ ਨਾਲ ਜਬਰ-ਜਨਾਹ ਕੀਤਾ। ਪੀੜਤਾ ਆਪਣੇ ਪਰਿਵਾਰ ਨਾਲ ਘਰ ਚਲੀ ਗਈ ਤੇ ਘਟਨਾ ਬਾਰੇ ਦੱਸਿਆ। ਇਸ ਮਗਰੋਂ ਪਰਿਵਾਰ ਵੱਲੋਂ ਥਾਣੇ ’ਚ ਪੁਲੀਸ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਤੇ ਪੁਲੀਸ ਨੇ ਲੜਕੀ ਦੀ ਮੈਡੀਕਲ ਜਾਂਚ ਕਰਵਾਈ। ਇਸ ਦੌਰਾਨ ਐਸਪੀ ਸੁਰਿੰਦਰ ਸਿੰਘ ਭੌਰੀਆ ਤੇ ਸ਼ਾਹਬਾਦ ਦੇ ਡੀਐੱਸਪੀ ਰਣਧੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।