ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਥਰਸ: ਮੁੱਖ ਮੁਲਜ਼ਮ ਨਿਆਂਇਕ ਹਿਰਾਸਤ ’ਚ ਭੇਜਿਆ

06:30 AM Jul 07, 2024 IST
ਭਗਦੜ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਂਦੀ ਹੋਈ ਪੁਲੀਸ। -ਫੋਟੋ: ਪੀਟੀਆਈ

ਨੋਇਡਾ, 6 ਜੁਲਾਈ
ਹਾਥਰਸ ਘਟਨਾ ਜਿਸ ਵਿੱਚ 121 ਵਿਅਕਤੀਆਂ ਦੀ ਮੌਤ ਹੋਈ ਸੀ, ਦੇ ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੂਕਰ ਨੂੰ ਹਾਥਰਸ ਪੁਲੀਸ ਦੀ ਵਿਸ਼ੇਸ਼ ਟੀਮ ਵੱਲੋਂ ਦਿੱਲੀ ਦੇ ਨਜਫਗੜ੍ਹ ਇਲਾਕੇ ਤੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਮਧੂਕਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਆਪੂੰ ਬਣੇ ਧਰਮ ਗੁਰੂ ਦੇ ਪ੍ਰੋਗਰਾਮ ਨੂੰ ਇੱਕ ਸਿਆਸੀ ਪਾਰਟੀ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।
ਪੁਲੀਸ ਅਨੁਸਾਰ ਹਾਥਰਸ ’ਚ ਮਚੀ ਭਗਦੜ ਦੇ ਸਬੰਧ ਵਿੱਚ ਦੋ ਹੋਰ ਮਸ਼ਕੂਕ ਰਾਮ ਪ੍ਰਕਾਸ਼ ਸ਼ਾਕਿਆ (61) ਤੇ ਸੰਜੂ ਯਾਦਵ (33) ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਦਾਲਤ ਨੇ ਸੰਜੂ ਯਾਦਵ ਨੂੰ ਵੀ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ ਜਦਕਿ ਸ਼ਾਕਿਆ ਨੂੰ 7 ਜੁਲਾਈ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਹਾਥਰਸ ਦੇ ਐੱਸਪੀ ਨਿਪੁਨ ਅਗਰਵਾਲ ਨੇ ਦੱਸਿਆ ਕਿ ਮਧੂਕਰ ਨੂੰ ਲੰਘੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨਾਲ ਪਿੱਛੇ ਜਿਹੇ ਕੁਝ ਸਿਆਸੀ ਪਾਰਟੀਆਂ ਨੇ ਵੀ ਸੰਪਰਕ ਕੀਤਾ ਸੀ। ਅਗਰਵਾਲ ਨੇ ਕਿਹਾ ਕਿ ਮਧੂਕਰ ਆਪੂੰ ਬਣੇ ਧਰਮ ਗੁਰੂ ਸੂਰਜਪਾਲ ਉਰਫ਼ ਨਾਰਾਇਣ ਸਕਾਰ ਹਰੀ ਉਰਫ਼ ਭੋਲੇ ਬਾਬਾ ਦੇ ਸਮਾਗਮਾਂ ਲਈ ਫੰਡ ਜੁਟਾਉਣ ਦਾ ਕੰਮ ਕਰਦਾ ਸੀ ਅਤੇ ਚੰਦਾ ਇਕੱਠਾ ਕਰਦਾ ਸੀ। ਅਗਰਵਾਲ ਨੇ ਕਿਹਾ, ‘ਉਸ ਦੇ ਵਿੱਤੀ ਲੈਣ-ਦੇਣ ਅਤੇ ਫੋਨ ਕਾਲਾਂ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।’ ਅੱਜ ਬਾਅਦ ਦੁਪਹਿਰ 2.15 ਵਜੇ ਮਧੂਕਰ ਨੂੰ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੈਡੀਕਲ ਜਾਂਚ ਲਈ ਹਾਥਰਸ ਦੇ ਬਾਗਲਾ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਮਧੂਕਰ ਉਸ ਸਤਿਸੰਗ ਦਾ ਮੁੱਖ ਸੇਵਾਦਾਰ ਸੀ ਜਿੱਥੇ ਭਗਦੜ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਸਬੰਧ ਵਿੱਚ ਹਾਥਰਸ ਥਾਣੇ ’ਚ ਦਰਜ ਐੱਫਆਈਆਰ ਵਿੱਚ ਉਹ ਇੱਕੋ-ਇੱਕ ਮੁਲਜ਼ਮ ਹੈ। ਉਨ੍ਹਾਂ ਕਿਹਾ, ‘ਫੰਡ ਇਕੱਠੇ ਕਰਨ ਦੇ ਸਬੰਧ ਵਿੱਚ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਅਜਿਹੇ ਪ੍ਰੋਗਰਾਮਾਂ ਤੇ ਹੋਰ ਸਰੋਤਾਂ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ? ਹੁਣ ਤੱਕ ਦੀ ਜਾਂਚ ’ਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਈ ਸਿਆਸੀ ਪਾਰਟੀ ਆਪਣੇ ਸਿਆਸੀ ਜਾਂ ਨਿੱਜੀ ਹਿੱਤਾਂ ਲਈ ਇਨ੍ਹਾਂ ਨਾਲ ਜੁੜੀ ਹੋਈ ਹੈ।’ ਦੂਜੇ ਪਾਸੇ ਲੰਘੀ ਰਾਤ ਮਧੂਕਰ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦਿੱਲੀ ’ਚ ਪੁਲੀਸ ਕੋਲ ਆਤਮ ਸਮਰਪਣ ਕੀਤਾ ਹੈ, ਜਿੱਥੇ ਉਹ ਇਲਾਜ ਲਈ ਆਇਆ ਸੀ। ਉਸ ਨੇ ਕਿਹਾ, ‘ਹਾਥਰਸ ਮਾਮਲੇ ’ਚ ਦਰਜ ਐੱਫਆਈਆਰ ’ਚ ਮੁੱਖ ਮੁਲਜ਼ਮ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਨੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ। ਉਸ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਸੀ। ਇਸ ਲਈ ਪੁਲੀਸ, ਐੱਸਆਈਟੀ ਤੇ ਐੱਸਟੀਐੱਫ ਨੂੰ ਦਿੱਲੀ ਸੱਦਿਆ ਗਿਆ।’ ਵਕੀਲ ਨੇ ਕਿਹਾ ਕਿ ਉਹ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਹੈ। -ਪੀਟੀਆਈ

Advertisement

ਮੈਂ ਘਟਨਾ ਤੋਂ ਬਹੁਤ ਦੁਖੀ ਹਾਂ: ਭੋਲੇ ਬਾਬਾ

ਮੈਨਪੁਰੀ: ਹਾਥਰਸ ਘਟਨਾ ਤੋਂ ਬਾਅਦ ਪਹਿਲੀ ਵਾਰ ਚੁੱਪ ਤੋੜਦਿਆਂ ਆਪੂੰ ਬਣੇ ਧਰਮ ਗੁਰੂ ਸੂਰਜਪਾਲ ਸਿੰਘ ਉਰਫ਼ ‘ਭੋਲੇ ਬਾਬਾ’ ਨੇ ਕਿਹਾ ਕਿ ਜਿਨ੍ਹਾਂ ਨੇ ਗੜਬੜੀ ਕੀਤੀ ਹੈ ਉਹ ਬਖ਼ਸ਼ੇ ਨਹੀਂ ਜਾਣਗੇ। ਆਪਣੇ ਵੀਡੀਓ ਸੁਨੇਹੇ ’ਚ ਸੂਰਜਪਾਲ ਨੇ ਕਿਹਾ, ‘ਦੋ ਜੁਲਾਈ ਦੀ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ। ਰੱਬ ਸਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਕਿਰਪਾ ਕਰਕੇ ਸਰਕਾਰ ਤੇ ਪ੍ਰਸ਼ਾਸਨ ’ਤੇ ਭਰੋਸਾ ਰੱਖੋ। ਮੈਨੂੰ ਯਕੀਨ ਹੈ ਕਿ ਗੜਬੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’ -ਏਐੱਨਆਈ

ਨਿਆਂਇਕ ਜਾਂਚ ਕਮਿਸ਼ਨ ਵੱਲੋਂ ਘਟਨਾ ਸਥਾਨ ਦਾ ਦੌਰਾ

ਹਾਥਰਸ: ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਾਥਰਸ ਘਟਨਾ ਦੀ ਜਾਂਚ ਲਈ ਗਠਿਤ ਕੀਤੇ ਗਏ ਨਿਆਂਇਕ ਜਾਂਚ ਕਮਿਸ਼ਨ ਨੇ ਅੱਜ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਦੋ ਜੁਲਾਈ ਨੂੰ ਭਗਦੜ ਦੀ ਘਟਨਾ ਵਾਪਰੀ ਸੀ। ਨਿਆਂਇਕ ਕਮਿਸ਼ਨ ਦੋ ਮਹੀਨਿਆਂ ਅੰਦਰ ਪੰਜ ਨੁਕਤਿਆਂ ’ਤੇ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪੇਗਾ। ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਦੀ ਅਗਵਾਈ ਹੇਠ ਗਠਿਤ ਨਿਆਂਇਕ ਜਾਂਚ ਕਮਿਸ਼ਨ ’ਚ ਸਾਬਕਾ ਆਈਏਐੱਸ ਅਫਸਰ ਹੇਮੰਤ ਰਾਓ ਤੇ ਸਾਬਕਾ ਆਈਪੀਐੱਸ ਅਫਸਰ ਭਾਵੇਸ਼ ਕੁਮਾਰ ਸਿੰਘ ਸ਼ਾਮਲ ਹਨ। ਘਟਨਾ ਸਥਾਨ ਦੀ ਜਾਂਚ ਮਗਰੋਂ ਕਮੇਟੀ ਦੇ ਮੁਖੀ ਜਸਟਿਸ (ਸੇਵਾਮੁਕਤ) ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਦੱਸਿਆ, ‘ਅਸੀਂ ਸਾਰੀ ਜਗ੍ਹਾ ਦੇਖੀ। ਅਸੀਂ ਫਿਲਹਾਲ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕਦੇ। ਅਸੀਂ ਉਨ੍ਹਾਂ ਸਾਰਿਆਂ ਤੋਂ ਪੁੱਛ ਪੜਤਾਲ ਕਰਾਂਗੇ ਜਿਨ੍ਹਾਂ ਤੋਂ ਪੁੱਛ-ਪੜਤਾਲ ਕੀਤੇ ਜਾਣ ਦੀ ਲੋੜ ਹੈ।’ -ਏਐੱਨਆਈ

Advertisement

‘ਭੋਲੇ ਬਾਬਾ’ ਜਿਹੇ ਪਾਖੰਡੀਆਂ ਤੋਂ ਬਚਣ ਲੋਕ: ਮਾਇਆਵਤੀ

ਲਖਨਊ: ਬਸਪਾ ਮੁਖੀ ਮਾਇਆਵਤੀ ਨੇ ਗਰੀਬਾਂ, ਦਲਿਤਾਂ ਤੇ ਪੀੜਤਾਂ ਨੂੰ ਅੱਜ ਸਲਾਹ ਦਿੱਤੀ ਕਿ ਉਹ ਗਰੀਬੀ ਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਾਥਰਸ ਦੇ ‘ਭੋਲੇ ਬਾਬਾ’ ਜਿਹੇ ਵਿਅਕਤੀਆਂ ਦੇ ਪਾਖੰਡ ਦੇ ਝਾਂਸੇ ’ਚ ਨਾ ਆਉਣ। ਮਾਇਆਵਤੀ ਨੇ ਕਿਹਾ ਕਿ ਹਾਥਰਸ ਕਾਂਡ ’ਚ ‘ਭੋਲੇ ਬਾਬਾ’ ਸਮੇਤ ਜੋ ਵੀ ਦੋਸ਼ੀ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬਸਪਾ ਮੁਖੀ ਨੇ ਐਕਸ ’ਤੇ ਕਿਹਾ, ‘ਦੇਸ਼ ’ਚ ਗਰੀਬਾਂ, ਦਲਿਤਾਂ ਤੇ ਪੀੜਤਾਂ ਨੂੰ ਆਪਣੀ ਗਰੀਬੀ ਤੇ ਹੋਰ ਸਾਰੇ ਦੁੱਖ ਦੂਰ ਕਰਨ ਲਈ ਹਾਥਰਸ ਦੇ ‘ਭੋਲੇ ਬਾਬਾ’ ਜਿਹੇ ਬਾਬਿਆਂ ਦੇ ਅੰਧ ਵਿਸ਼ਵਾਸ ਤੇ ਪਾਖੰਡ ਵਿੱਚ ਆ ਕੇ ਆਪਣੇ ਦੁੱਖਾਂ ਨੂੰ ਹੋਰ ਨਹੀਂ ਵਧਾਉਣਾ ਚਾਹੀਦਾ।’-ਪੀਟੀਆਈ

ਉੱਤਰ ਪ੍ਰਦੇਸ਼ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ: ਅਖਿਲੇਸ਼

ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜੇਕਰ ਹਾਥਰਸ ’ਚ ਵਾਪਰੀ ਭਗਦੜ ਦੀ ਘਟਨਾ ’ਚ ਪ੍ਰਸ਼ਾਸਨਿਕ ਗਲਤੀ ਤੋਂ ਸਬਕ ਨਾ ਲਿਆ ਗਿਆ ਤਾਂ ਭਵਿੱਖ ’ਚ ਅਜਿਹੀਆਂ ਘਟਨਾਵਾਂ ਹੋਰ ਹੋਣਗੀਆਂ। ਯਾਦਵ ਨੇ ਦੋਸ਼ ਲਾਇਆ ਉੱਤਰ ਪ੍ਰਦੇਸ਼ ਸਰਕਾਰ ਭਗਦੜ ਦੀ ਘਟਨਾ ’ਚ ਮਾਮੂਲੀ ਗ੍ਰਿਫ਼ਤਾਰੀਆਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ

ਸਤਿਸੰਗ ਕਰਵਾਉਣ ਵਾਲਾ ਹਾਦਸੇ ਲਈ ਜ਼ਿੰਮੇਵਾਰ: ਮੁੱਖ ਪੁਜਾਰੀ

ਅਯੁੱਧਿਆ: ਹਾਥਰਸ ਘਟਨਾ ਦੇ ਸਬੰਧ ਵਿੱਚ ਸੂਰਜਪਾਲ ਸਿੰਘ ਉਰਫ਼ ਭੋਲੇ ਬਾਬਾ ਵੱਲੋਂ ਜਾਰੀ ਵੀਡੀਓ ਸੁਨੇਹੇ ’ਤੇ ਪ੍ਰਤੀਕਿਰਿਆ ਦਿੰਦਿਆਂ ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਨੇ ਅੱਜ ਕਿਹਾ ਕਿ ਅਜਿਹੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਘਟਨਾਵਾਂ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ, ‘ਉਹ ਘਟਨਾ ਤੋਂ ਬਾਅਦ ਰੂਪੋਸ਼ ਹੋ ਗਿਆ। ਹੁਣ ਉਹ ਕਹਿ ਰਿਹਾ ਹੈ ਕਿ ਉਸ ਨੂੰ ਇਸ ਘਟਨਾ ’ਤੇ ਦੁੱਖ ਹੈ। ਇਹ ਪੂਰੀ ਤਰ੍ਹਾਂ ਗਲਤ ਹੈ।’ ਉਨ੍ਹਾਂ ਕਿਹਾ, ‘ਸਤਿਸੰਗ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਲਈ ਸਮਾਗਮ ਕਰਵਾਉਣ ਵਾਲੇ ਹੀ ਜ਼ਿੰਮੇਵਾਰ ਹਨ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ।’ -ਏਐੱਨਆਈ

Advertisement