For the best experience, open
https://m.punjabitribuneonline.com
on your mobile browser.
Advertisement

ਹਾਥਰਸ ਘਟਨਾ

06:16 AM Jul 04, 2024 IST
ਹਾਥਰਸ ਘਟਨਾ
Advertisement

ਪ੍ਰਸ਼ਾਸਨ ਵੱਲੋਂ ਜਿਸ ਥਾਂ ’ਤੇ ਸਿਰਫ਼ 80,000 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੋਵੇ, ਉੱਥੇ ਜਦੋਂ 2.5 ਲੱਖ ਲੋਕ ਇਕੱਠੇ ਹੋ ਜਾਣ ਤਾਂ ਹਾਦਸਾ ਹੋਣ ਦਾ ਖ਼ਦਸ਼ਾ ਕਈ ਗੁਣਾ ਵਧ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ 120 ਤੋਂ ਪਾਰ ਹੋ ਗਈ ਹੈ। ਮ੍ਰਿਤਕ ਉਸ ਭੀੜ ਦਾ ਹਿੱਸਾ ਸਨ ਜੋ ਧਾਰਮਿਕ ਉਪਦੇਸ਼ਕ ਨੂੰ ਸੁਣਨ ਲਈ ਜੁੜੀ ਸੀ। ਐੱਫਆਈਆਰ ਮੁਤਾਬਿਕ ਪ੍ਰਬੰਧਕਾਂ ਨੇ ਕਥਿਤ ਤੌਰ ’ਤੇ ਗ਼ਲਤ ਜਾਣਕਾਰੀ ਦੇ ਆਧਾਰ ’ਤੇ ਇਕੱਠ ਲਈ ਇਜਾਜ਼ਤ ਲਈ ਸੀ, ਉਨ੍ਹਾਂ ਇਸ ਸਤਿਸੰਗ ਵਿੱਚ ਹਿੱਸਾ ਲੈ ਰਹੇ ਸ਼ਰਧਾਲੂਆਂ ਦੀ ਅਸਲ ਗਿਣਤੀ ਦਾ ਖ਼ੁਲਾਸਾ ਨਹੀਂ ਕੀਤਾ। ਉਨ੍ਹਾਂ ’ਤੇ ਟਰੈਫਿਕ ਕੰਟਰੋਲ ਪੁਲੀਸ ਨਾਲ ਸਹਿਯੋਗ ਨਾ ਕਰਨ ਅਤੇ ਘਟਨਾ ਤੋਂ ਬਾਅਦ ਸਬੂਤ ਲੁਕੋਣ ਦੇ ਦੋਸ਼ ਵੀ ਲਾਏ ਗਏ ਹਨ।
ਇਹ ਬਹੁਤ ਮੰਦਭਾਗਾ ਹੈ ਕਿ ਅਜਿਹਾ ਦੇਸ਼ ਜਿੱਥੇ ਲੋਕ ਰੋਜ਼ਾਨਾ ਕਈ-ਕਈ ਧਾਰਮਿਕ ਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਜੁੜਦੇ ਹਨ, ਉੱਥੇ ਭੀੜ ਸੰਭਾਲਣ ਦੇ ਮਾਮਲੇ ਵੱਲ ਅਕਸਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਦਹਾਕਾ ਪਹਿਲਾਂ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮਾਰੋਹਾਂ ਅਤੇ ਵੱਡੇ ਇਕੱਠਾਂ ਵਿੱਚ ਲੋਕਾਂ ਦੀ ਭੀੜ ਸੰਭਾਲਣ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ। ਇਹ ਦਸਤਾਵੇਜ਼ ਰਾਜ ਸਰਕਾਰਾਂ, ਸਥਾਨਕ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦੀ ਸੇਧ ਲਈ ਸੀ ਤਾਂ ਜੋ ਭੀੜ ਤੇ ਆਫ਼ਤ ਪ੍ਰਬੰਧਨ ਦੇ ਪੱਖ ਤੋਂ ਇੱਕਜੁਟ ਅਤੇ ਢਾਂਚਾਗਤ ਪਹੁੰਚ ਅਪਣਾਈ ਜਾ ਸਕੇ। ਆਫ਼ਤ ਪ੍ਰਬੰਧਨ ਅਥਾਰਿਟੀ ਕਹਿ ਚੁੱਕੀ ਹੈ ਕਿ ਮਾਨਵੀ ਗ਼ਲਤੀ ਕਾਰਨ ਹੁੰਦੀਆਂ ਭਗਦੜ ਜਿਹੀਆਂ ਤ੍ਰਾਸਦੀਆਂ ਨੂੰ ਅਗਾਊਂ ਯੋਜਨਾਬੰਦੀ ਨਾਲ ਰੋਕਿਆ ਜਾ ਸਕਦਾ ਹੈ ਬਸ਼ਰਤੇ ਯੋਜਨਾਬੰਦੀ ਲਾਗੂ ਕਰਨ ਲਈ ਸਾਡੇ ਕੋਲ ਠੋਸ ਸਿਖਲਾਈ ਪ੍ਰਾਪਤ ਸਮਰਪਿਤ ਸਮੂਹ ਹੋਣ। ਇਨ੍ਹਾਂ ਵਿੱਚੋਂ ਕੁਝ ਵੀ ਹਾਥਰਸ ਦੀ ਘਟਨਾ ਵੇਲੇ ਮੌਜੂਦ ਨਹੀਂ ਸੀ।
ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਲਈ ਜਿ਼ਆਦਾਤਰ ਸਰੋਤਿਆਂ ਦੀ ਗਿਣਤੀ ਜਾਂ ਇਕੱਠ ਦੇ ਅਕਾਰ ਬਾਰੇ ਗੁਮਰਾਹਕੁਨ ਜਾਣਕਾਰੀ ਦਿੱਤੀ ਜਾਂਦੀ ਹੈ। ਕਈ ਵਾਰ ਅਜਿਹਾ ਕਰਨ ਲਈ ਰਿਸ਼ਵਤ ਦਾ ਸਹਾਰਾ ਵੀ ਲਿਆ ਜਾਂਦਾ ਹੈ ਹਾਲਾਂਕਿ ਅਜਿਹੇ ਭਿਆਨਕ ਹਾਦਸਿਆਂ ਲਈ ਸਿਰਫ਼ ਪ੍ਰਬੰਧਕਾਂ ਨੂੰ ਹੀ ਜਿ਼ੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪ੍ਰਸ਼ਾਸਨ ਨੂੰ ਮਨਜ਼ੂਰੀ ਦੇਣ ਲੱਗਿਆਂ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ; ਇਕੱਠ ਦੀ ਸਲਾਮਤੀ ਲਈ ਕੀਤੇ ਇੰਤਜ਼ਾਮਾਂ ਦਾ ਮੌਕੇ ਉੱਤੇ ਜਾ ਕੇ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਦੇਖਣਾ ਚਾਹੀਦਾ ਹੈ ਕਿ ਕੀ ਹਾਦਸਾ ਵਾਪਰਨ ਦੀ ਸੂਰਤ ’ਚ ਉੱਥੇ ਕੀਤੇ ਗਏ ਪ੍ਰਬੰਧ ਢੁੱਕਵੇਂ ਹਨ। ਲਾਪਰਵਾਹੀ ਵਰਤਣ ਵਾਲਿਆਂ ਜਾਂ ਲਾਲਚ ਕਾਰਨ ਲੋਕਾਂ ਦੀ ਜਾਨ ਦਾਅ ਉੱਤੇ ਲਾਉਣ ਵਾਲਿਆਂ ਖਿ਼ਲਾਫ਼ ਮਿਸਾਲੀ ਕਾਰਵਾਈ ਕਰ ਕੇ ਹੀ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਂਝ, ਹਕੀਕਤ ਇਹ ਹੈ ਕਿ ਅਜਿਹੇ ਹਾਦਸੇ ਵਾਪਰਨ ਤੋਂ ਬਾਅਦ ਕੁਝ ਸਮਾਂ ਚਰਚਾ ਚੱਲਦੀ ਹੈ, ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਵੀ ਕਰਦਾ ਹੈ ਪਰ ਹਾਦਸੇ ਰੋਕਣ ਲਈ ਮਾਮਲੇ ਦੀ ਜੜ੍ਹ ਫੜੀ ਹੀ ਨਹੀਂ ਜਾਂਦੀ। ਇੱਕ ਹੋਰ ਪੱਖ ਇਹ ਵੀ ਹੈ ਕਿ ਕੁਝ ਰਸੂਖਵਾਨ ਅਜਿਹੇ ਮਸਲੇ ਰਫ਼ਾ-ਦਫ਼ਾ ਕਰਵਾਉਣ ਵਿਚ ਵੀ ਕਾਮਯਾਬ ਹੋ ਜਾਂਦੇ ਹਨ। ਨਤੀਜੇ ਵਜੋਂ ਥੋੜ੍ਹੀ ਬਹੁਤ ਚਰਚਾ ਜਾਂ ਕਾਰਵਾਈ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਹੀ ਰਹਿੰਦੇ ਹਨ। ਅਜਿਹੇ ਮਸਲਿਆਂ ਦੀ ਹਰ ਪੱਖ ਤੋਂ ਪੁਣਛਾਣ ਕਰ ਕੇ ਪੱਕਾ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ।

Advertisement

Advertisement
Advertisement
Author Image

joginder kumar

View all posts

Advertisement