ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਫ਼ਰਤੀ ਜੁਰਮ

08:12 AM Oct 25, 2023 IST

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੋਈ ਕੁੱਟਮਾਰ ’ਚ 66 ਸਾਲਾ ਜਸਮੇਰ ਸਿੰਘ ਦੀ ਮੌਤ ਹੋ ਗਈ। ਇਹ ਨਿਊਯਾਰਕ ’ਚ ਪਿਛਲੇ ਹਫਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ’ਤੇ ਹੋਣ ਵਾਲੇ ਹਮਲੇ ਦੀ ਦੂਸਰੀ ਘਟਨਾ ਸੀ। ਪਿਛਲੇ ਹਫਤੇ ਬੱਸ ਵਿਚ ਜਾ ਰਹੇ ਸਿੱਖ ਨੌਜਵਾਨ ’ਤੇ ਵੀ ਹਮਲਾ ਕੀਤਾ ਗਿਆ ਸੀ; ਹਮਲਾ ਕਰਨ ਵਾਲੇ ਨੇ ਨੌਜਵਾਨ ਦੇ ਦਸਤਾਰ ਪਹਨਿਣ ’ਤੇ ਇਤਰਾਜ਼ ਕੀਤਾ ਸੀ। ਕੁਝ ਦਿਨ ਪਹਿਲਾਂ ਨਿਊਜਰਸੀ ਦੇ ਹੈਥੋਕੇਨ ਸ਼ਹਿਰ ਦੇ ਮੇਅਰ ਰਵੀ ਸਿੰਘ ਭੱਲਾ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਨਫ਼ਰਤੀ ਜੁਰਮ (hate crimes) ਹਨ ਜਨਿ੍ਹਾਂ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ, ਉਹ ਘੱਟ ਹੈ।
ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਹੋਈ ਤਰੱਕੀ ਅਤੇ ਵਿੱਦਿਆ ਦੇ ਪਾਸਾਰ ਦੇ ਬਾਵਜੂਦ ਧਰਮ, ਜਾਤ, ਨਸਲ, ਰੰਗ ਆਦਿ ਕਾਰਨ ਕੀਤੇ ਜਾਂਦੇ ਵਿਤਕਰੇ ਅਤੇ ਜੁਰਮ ਖ਼ਤਮ ਨਹੀਂ ਹੋਏ। ਫਲਸਤੀਨ ਵਿਚ ਹੋ ਰਹੀ ਤਬਾਹੀ ਧਰਮ/ਨਸਲ ਆਧਾਰਿਤ ਅਪਰਾਧਾਂ ਦੀ ਸਿਖਰ ਹੈ। ਅਜਿਹੇ ਵਿਤਕਰੇ ਹਰ ਸਮਾਜ ਵਿਚ ਹੁੰਦੇ ਹਨ ਅਤੇ ਇਸ ਦਾ ਸ਼ਿਕਾਰ ਜ਼ਿਆਦਾਤਰ ਘੱਟਗਿਣਤੀ ਦੇ ਲੋਕ ਹੁੰਦੇ ਹਨ। ਵੱਖ ਵੱਖ ਅਨੁਮਾਨਾਂ ਅਨੁਸਾਰ ਅਮਰੀਕਾ ਵਿਚ ਸਿੱਖ ਭਾਈਚਾਰੇ ਦੀ ਗਿਣਤੀ 5-7 ਲੱਖ ਦੇ ਵਿਚਕਾਰ ਹੈ ਜੋ ਅਮਰੀਕਾ ਦੀ ਕੁੱਲ ਵਸੋਂ ਦਾ ਸਿਰਫ਼ 0.1 ਫ਼ੀਸਦੀ ਹੈ। ਪੰਜਾਬੀ ਅਤੇ ਸਿੱਖ ਭਾਈਚਾਰੇ ਨੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਤੇ ਸਿਰੜ ਸਦਕਾ ਵੱਡੀਆਂ ਕਾਮਯਾਬੀਆਂ ਹਾਸਿਲ ਕੀਤੀਆਂ ਹਨ। ਉਨ੍ਹਾਂ ਬਹੁਤ ਬਹਾਦਰੀ ਨਾਲ ਨਸਲੀ ਵਿਤਕਰਿਆਂ ਦਾ ਸਾਹਮਣਾ ਕੀਤਾ ਅਤੇ ਪੰਜਾਬ ਦੀ ਧਰਤੀ ਤੋਂ ਉਪਜੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਥਾਂ ਥਾਂ ’ਤੇ ਪਹੁੰਚਾ ਕੇ ਲੋਕਾਂ ਦੇ ਦਿਲ ਜਿੱਤੇ। ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੀ ਸਮਾਜਿਕ ਤੇ ਸਿਆਸੀ ਜ਼ਿੰਦਗੀ ਵਿਚ ਵੀ ਅਹਿਮ ਹਿੱਸਾ ਪਾਇਆ ਹੈ। ਅਮਰੀਕਾ ਵਿਚ 9/11 ਦੇ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ ਵਿਰੁੱਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਧੀ ਹੈ। ਦਸਤਾਰ ਬੰਨ੍ਹਣ ਕਾਰਨ ਕਈ ਵਾਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਰਬ ਜਾਂ ਮੁਸਲਿਮ ਸਮਝ ਲਿਆ ਜਾਂਦਾ ਹੈ।
ਬੁਨਿਆਦੀ ਸਵਾਲ ਮੁਸਲਿਮ ਜਾਂ ਅਰਬ ਸਮਝੇ ਜਾਣ ਦਾ ਨਹੀਂ ਸਗੋਂ ਨਸਲੀ ਵਿਤਕਰੇ ਅਤੇ ਇਸ ’ਤੇ ਆਧਾਰਿਤ ਹਿੰਸਾ ਤੇ ਨਫ਼ਰਤ ਦਾ ਹੈ। ਕਿਸੇ ਵੀ ਵਿਅਕਤੀ ਵਿਰੁੱਧ ਉਸ ਦੇ ਹਿੰਦੂ, ਸਿੱਖ, ਮੁਸਲਿਮ, ਯਹੂਦੀ, ਈਸਾਈ, ਬੋਧੀ ਜਾਂ ਕਿਸੇ ਹੋਰ ਭਾਈਚਾਰੇ ਨਾਲ ਸਬੰਧਿਤ ਹੋਣ ਕਾਰਨ ਹਿੰਸਾ ਹੋਣਾ ਮਨੁੱਖਤਾ ਵਿਰੁੱਧ ਅਪਰਾਧ ਹੈ। ਇਹ ਗਹਿਰੀ ਚਿੰਤਾ ਦਾ ਵਿਸ਼ਾ ਹੈ; ਅਮਰੀਕਾ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਤੇ ਜਮਹੂਰੀ ਸਮਾਜ ਸਮਝਦਾ ਹੈ ਪਰ ਨਸਲੀ ਵਿਤਕਰਿਆਂ ਬਾਰੇ ਤੁਅੱਸਬ ਲੋਕਾਂ ਦੇ ਮਨਾਂ ਵਿਚ ਬਹੁਤ ਡੂੰਘੇ ਵਸੇ ਹੋਏ ਹਨ। ਅਮਰੀਕੀ ਸੰਵਿਧਾਨ ਅਤੇ ਕਾਨੂੰਨ ਆਪਣੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦੇ ਹਨ ਪਰ ਲੋਕਾਂ ਦੇ ਮਨਾਂ ਵਿਚ ਪਏ ਹੋਏ ਤੁਅੱਸਬ ਨਾਲ ਸਿੱਝਣਾ ਵੱਖਰੀ ਗੱਲ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੇ ਸਿਆਸੀ ਆਗੂ ਮੁਸਲਿਮ ਭਾਈਚਾਰੇ ਵਿਰੁੱਧ ਤੁਅੱਸਬ ਨੂੰ ਹਵਾ ਦਿੰਦੇ ਰਹੇ ਹਨ। 2020 ਵਿਚ ਸਿਆਹਫ਼ਾਮ (ਅਫਰੀਕੀ-ਅਮਰੀਕੀ) ਨਸਲ ਨਾਲ ਸਬੰਧਿਤ ਵਿਅਕਤੀ ਜਾਰਜ ਫਲਾਇਡ ਦੀ ਮੌਤ ਅਤੇ ਉਸ ਤੋਂ ਪਿੱਛੋਂ ਹੋਈਆਂ ਘਟਨਾਵਾਂ ਦੱਸਦੀਆਂ ਹਨ ਕਿ ਅਮਰੀਕੀ ਸਮਾਜ ਨਸਲ ਦੇ ਆਧਾਰ ’ਤੇ ਕਿੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਧਰਮ, ਜਾਤ, ਨਸਲ ਜਾਂ ਰੰਗ ਦੇ ਆਧਾਰ ’ਤੇ ਕਿਸੇ ਵਿਅਕਤੀ ਨੂੰ ਨਫ਼ਰਤ ਕਰਨਾ ਕਿਸੇ ਵੀ ਧਰਮ ਦਾ ਹਿੱਸਾ ਨਹੀਂ ਪਰ ਹਰ ਭਾਈਚਾਰੇ ਵਿਚ ਅਜਿਹੀਆਂ ਕੱਟੜਪੰਥੀ ਤਾਕਤਾਂ ਮੌਜੂਦ ਰਹਿੰਦੀਆਂ ਹਨ ਜੋ ਆਪਣੇ ਭਾਈਚਾਰੇ ਨੂੰ ਸਰਬਉੱਚ ਅਤੇ ਦੂਸਰੇ ਭਾਈਚਾਰਿਆਂ ਦੇ ਲੋਕਾਂ ਨੂੰ ਘਟੀਆ, ਤੁੱਛ ਤੇ ਨੀਵੇਂ ਦਰਜੇ ਦੇ ਗਰਦਾਨਦੀਆਂ ਹਨ। ਅਜਿਹੀ ਸੋਚ ਸਮਾਜ ਵਿਚ ਵੰਡੀਆਂ ਪਾਉਂਦੀ ਤੇ ਲੋਕਾਂ ਦੇ ਮਨਾਂ ਨੂੰ ਨਫ਼ਰਤ ਨਾਲ ਭਰਦੀ ਹੈ। ਮਨੁੱਖਤਾ ਅਜਿਹੀ ਸੋਚ ਤੋ ਛੁਟਕਾਰਾ ਪਾਉਣ ਲਈ ਲੜਾਈ ਲੜਦੀ ਆਈ ਹੈ। ਇਹ ਲੜਾਈ ਹੀ ਮਨੁੱਖ ਦੇ ਮਨੁੱਖ ਬਣਨ ਦੀ ਲੜਾਈ ਹੈ। ਇਹ ਲੜਾਈ ਸੰਕੀਰਨਤਾ ਦੇ ਆਧਾਰ ’ਤੇ ਨਹੀਂ ਲੜੀ ਜਾ ਸਕਦੀ। ਇਸ ਵਿਚ ਸਾਰੇ ਭਾਈਚਾਰਿਆਂ ਦੀ ਹਿੱਸੇਦਾਰੀ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾਲ ਉਪਰੋਕਤ ਨਫ਼ਰਤੀ ਅਪਰਾਧ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

Advertisement

Advertisement