ਪ੍ਰਜਵਲ ਖ਼ਿਲਾਫ਼ ‘ਹਾਸਨ ਚੱਲੋ’ ਪ੍ਰਦਰਸ਼ਨ
ਹਾਸਨ (ਕਰਨਾਟਕ), 30 ਮਈ
ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਖ਼ਿਲਾਫ਼ ਅੱਜ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਪੀੜਤਾਂ ਲਈ ਨਿਆਂ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਦੀ ਮੰਗ ਕੀਤੀ।
‘ਹਾਸਨ ਚੱਲੋ’ ਨਾਮ ਦਾ ਇਹ ਪ੍ਰਦਰਸ਼ਨ ‘ਨਵੇਡੂ ਨਿਲਾਦਿਦਰੇ’ (ਜੇਕਰ ਅਸੀਂ ਖੜ੍ਹੇ ਨਹੀਂ ਹੁੰਦੇ) ਨਾਮ ਦੇ ਮਨੁੱਖੀ ਅਧਿਕਾਰਾਂ ਬਾਰੇ ਇਕ ਸਮੂਹ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਸੂਬੇ ਭਰ ਤੋਂ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਦਲਿਤਾਂ ਨੇ ਹਿੱਸਾ ਲਿਆ। ਇਹ ਰੋਸ ਮਾਰਚ ‘ਤਮਾਤੇ’ ਅਤੇ ਡਰੰਮਾਂ ਦੀਆਂ ਧੁੰਨਾਂ ’ਤੇ ਕੀਤਾ ਗਿਆ। ਪ੍ਰਜਵਲ ਦੀ ਗ੍ਰਿਫ਼ਤਾਰੀ ਦੀ ਮੰਗ ਤੋਂ ਇਲਾਵਾ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਪੀੜਤਾਂ ਲਈ ਨਿਆਂ ਦੀ ਮੰਗ ਕੀਤੀ ਅਤੇ ਉਨ੍ਹਾਂ ਦੇ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਇਹ ਮਾਰਚ ਇੱਥੋਂ ਮਹਾਰਾਜਾ ਪਾਰਕ ਨੇੜੇ ਹੇਮਾਵਤੀ ਦੇ ਬੁੱਤ ਤੋਂ ਸ਼ੁਰੂ ਹੋਇਆ ਅਤੇ ਹਾਸਨ ਦੀ ਡਿਪਟੀ ਕਮਿਸ਼ਨਰ ਸੀ ਸੱਤਿਆਭਾਮਾ ਨੂੰ ਇਕ ਮੰਗ ਪੱਤਰ ਸੌਂਪਣ ਤੋਂ ਬਾਅਦ ਸਮਾਪਤ ਹੋਇਆ। ਇਸ ਤੋਂ ਇਲਾਵਾ ਤਹਿਸੀਲ ਦਫ਼ਤਰ ਰੋਡ ’ਤੇ ਇਕ ਵਿਸ਼ਾਲ ਕਨਵੈਨਸ਼ਨ ਵੀ ਹੋਈ। ਪ੍ਰਦਰਸ਼ਨਕਾਰੀਆਂ ਵਿੱਚ ਸਾਬਕਾ ਸੰਸਦ ਮੈਂਬਰ ਸੁਭਾਸ਼ਿਨੀ ਅਲੀ, ਲੇਖਕ ਰੂਪਾ ਹਾਸਨ, ਵਿਮਲਾ ਕੇ ਐੱਸ ਸਣੇ ਹੋਰ ਲੋਕ ਸ਼ਾਮਲ ਸਨ। ਉੱਧਰ, ਵਿਦੇਸ਼ ਮੰਤਰਾਲੇ ਵੱਲੋਂ ਪ੍ਰਜਵਲ ਰੇਵੰਨਾ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਸਬੰਧੀ ਜਾਰੀ ਕੀਤੇ ਗਏ ‘ਕਾਰਨ ਦੱਸੋ’ ਨੋਟਿਸ ਦਾ ਜਵਾਬ ਦੇਣ ਲਈ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਕੋਲ 2 ਜੂਨ ਤੱਕ ਦਾ ਸਮਾਂ ਹੈ। -ਪੀਟੀਆਈ