ਇਹ ਮਸਲਾ ਕੀ ਹੁਣ ਭਾਰਤ-ਪਾਕਿਸਤਾਨ ਦਾ ਬਣ ਗਿਐ: ਵਿੱਜ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਸਾਨਾਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ‘ਸਾਡੀ ਸਰਹੱਦ ’ਤੇ ਡਰੋਨ ਨਾ ਭੇਜੋ’। ਉਨ੍ਹਾਂ ਪੁੱਛਿਆ ਕਿ ਕੀ ਇਹ ਭਾਰਤ-ਪਾਕਿਸਤਾਨ ਦੀ ਸਰਹੱਦ ਬਣ ਗਈ ਹੈ। ਵਿੱਜ ਨੇ ਕਿਹਾ ਕਿ ਜੇਕਰ ਕੋਈ ਸਾਡੀ ਪੁਲੀਸ ’ਤੇ ਹਮਲਾ ਕਰਕੇ ਪੰਜਾਬ ਵੱਲ ਨੂੰ ਭੱਜਦਾ ਹੈ ਤਾਂ ਕੀ ਅਸੀਂ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਨਹੀਂ ਸਕਦੇ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਜਦੋਂ ਇਹ ਗਰੁੱਪ (ਕਿਸਾਨ) ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਥਾਂ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ ਕਿ ਉਹ ਦਿੱਲੀ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਕੀ ਉਹ ਮੁੜ ਦਿੱਲੀ ਦੇ ਲਾਲ ਕਿਲੇ ’ਤੇ ਚੜ੍ਹ ਕੇ ਉਸ ਨੂੰ ਅਪਮਾਨਿਤ ਕਰਨਾ ਚਾਹੁੰਦੇ ਹਨ। ਸ਼ੰਭੂ ਬਾਰਡਰ ’ਤੇ ਇਕੱਠੇ ਹੋਏ ਕਿਸਾਨਾਂ ਬਾਰੇ ਗੱਲ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਕਿਸਾਨਾਂ ਨੇ ਦਿੱਲੀ ਜਾ ਕੇ ਕਿਸ ਨਾਲ ਗੱਲ ਕਰਨੀ ਹੈ ਜਦਕਿ ਉਹੀ ਅਧਿਕਾਰੀ ਜਦੋਂ ਚੰਡੀਗੜ੍ਹ ਆਏ ਸਨ ਤਾਂ ਉਨ੍ਹਾਂ ਨਾਲ ਕਿਸਾਨਾਂ ਨੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਥਰਾਅ ਦੌਰਾਨ ਹਰਿਆਣਾ ਪੁਲੀਸ ਦਾ ਇੱਕ ਡੀਐੱਸਪੀ, 25 ਪੁਲੀਸ ਮੁਲਾਜ਼ਮ ਤੇ ਇੱਕ ਮੀਡੀਆ ਕਰਮੀ ਜ਼ਖਮੀ ਹੋਏ ਹਨ।