ਹਰਿਆਣਵੀਆਂ ਨੂੰ ਦਿੱਲੀ ਅਤੇ ਪੰਜਾਬ ਵਰਗੇ ਪਾਰਦਰਸ਼ੀ ਰਾਜ ਦੀ ਉਡੀਕ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਸਤੰਬਰ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਦਾ ਕਹਿਣਾ ਹੈ ਕਿ ਹਰਿਆਣਾ ਦੇ ਲੋਕ ਦਿੱਲੀ ਅਤੇ ਪੰਜਾਬ ਵਰਗਾ ਸਾਫ਼ ਸੁਥਰਾ ਅਤੇ ਪਾਰਦਰਸ਼ੀ ਰਾਜ ਚਾਹੁੰਦੇ ਹਨ। ਹਰਿਆਣਾ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਵਾਂਗ ਰਵਾਇਤੀ ਪਾਰਟੀਆਂ ਦਾ ਮੁਕੰਮਲ ਸਫ਼ਾਇਆ ਕਰ ਦੇਣਗੇ। ਹਰਿਆਣਾ ’ਚ ਚੋਣ ਪ੍ਰਚਾਰ ਕਰਕੇ ਆਏ ਸ੍ਰੀ ਭੱਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਹਰਿਆਣਾ ਵਿੱਚ ਅਜਿਹਾ ਰਾਜ ਸਥਾਪਿਤ ਹੋਵੇ, ਜਿਸ ਵਿੱਚ ਆਮ ਆਦਮੀ ਦੀ ਸੁਣਵਾਈ ਅਤੇ ਲੋਕਾਂ ਨੂੰ ਸਹੂਲਤਾਂ ਮਿਲਣ। ਭੱਲਾ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਪੰਜਾਬ ਵਾਂਗ ਕੁਝ ਸਿਆਸੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਕੇ ਵਾਰੋ-ਵਾਰੀ ਰਾਜ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਵੀ ਦੀ ਚਾਹਤ ਹੈ ਕਿ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਕਲੀਨਿਕ ਸਕੂਲ ਆਫ ਐਮੀਨੈਂਸ ਅਤੇ ਹੋਰ ਸਹੂਲਤਾਂ ਹਰਿਆਣਾ ’ਚ ਉਨ੍ਹਾਂ ਨੂੰ ਮਿਲਣ। ਭੱਲਾ ਨੇ ਕਿਹਾ ਕਿ ਹਰਿਆਣੇ ਦੇ ਬਾਸ਼ਿੰਦੇ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਉੱਪਰ ਵਿਸ਼ਵਾਸ ਹੀ ਨਹੀਂ ਕਰ ਰਹੇ, ਸਗੋਂ ਇਨ੍ਹਾਂ ਦਾ ਭਰਵਾਂ ਸਵਾਗਤ ਕਰ ਰਹੇ ਹਨ।