ਕਲਾ ਪਰਿਸ਼ਦ ਵੱਲੋਂ ਹਰਿਆਣਵੀ ਲੋਕ ਨਾਚ ਵਰਕਸ਼ਾਪ
ਪੱਤਰ ਪ੍ਰੇਰਕ
ਯਮੁਨਾਨਗਰ, 21 ਅਗਸਤ
ਹਰਿਆਣਾ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਡੀਏਵੀ ਗਰਲਜ਼ ਕਾਲਜ ਵਿੱਚ ਅੱਜ 15 ਰੋਜ਼ਾ ਹਰਿਆਣਵੀ ਲੋਕ ਨਾਚ ਵਰਕਸ਼ਾਪ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ। ਸੰਗੀਤ ਵਿਭਾਗ ਦੀ ਮੁਖੀ ਡਾ. ਨੀਤਾ ਦਿਵੇਦੀ ਅਤੇ ਪੰਜਾਬੀ ਵਿਭਾਗ ਮੁਖੀ ਡਾ. ਗੁਰਸ਼ਰਨ ਕੌਰ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮੀਨੂੰ ਜੈਨ ਨੇ ਕੀਤੀ। ਹਰਿਆਣਾ ਕਲਾ ਪਰਿਸ਼ਦ ਦੇ ਵਧੀਕ ਨਿਰਦੇਸ਼ਕ ਨਗੇਂਦਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਗੇਂਦਰ ਸ਼ਰਮਾ ਨੇ ਕਿਹਾ ਕਿ ਹਰਿਆਣਵੀ ਲੋਕ ਨਾਚ ਸੂਬੇ ਦੀ ਪਛਾਣ ਹੈ। ਹਰਿਆਣਵੀ ਲੋਕ ਕਲਾਵਾਂ ਦਾ ਅੱਜ ਵਿਸ਼ਵ ਵਿੱਚ ਇੱਕ ਵੱਖਰਾ ਸਥਾਨ ਹੈ। ਹਰਿਆਣਾ ਲੋਕ ਕਲਾ ਪਰਿਸ਼ਦ ਅਜਿਹੀਆਂ ਕਲਾਵਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਅਮੁੱਲ ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਰੀਤੀ-ਰਿਵਾਜਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿੱਚ ਹੀ ਸਾਡਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਡੀਏਵੀ ਗਰਲਜ਼ ਕਾਲਜ ਦਾ ਇਹ ਮੰਚ ਹਮੇਸ਼ਾ ਕਲਾਕਾਰਾਂ ਨੂੰ ਮੌਕੇ ਦਿੰਦਾ ਰਿਹਾ ਹੈ। ਪ੍ਰਿੰਸੀਪਲ ਡਾ. ਮੀਨੂੰ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਨਾਲ ਜਿੱਥੇ ਵਿਦਿਆਰਥੀਆਂ ਦੇ ਹੁਨਰ ਵਿਚ ਨਿਖਾਰ ਆਉਂਦਾ ਹੈ ਉੱਥੇ ਹੀ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਵਧਦਾ ਹੈ। ਇਸ ਵਰਕਸ਼ਾਪ ਦੌਰਾਨ ਨ੍ਰਿਤ ਨਿਰਦੇਸ਼ਕ ਤਿਲਕ, ਸਹਾਇਕ ਨਿਰਦੇਸ਼ਕ ਜੈ ਕਿਸ਼ਨ, ਰਿੰਕੂ, ਵਿਸ਼ਨੂੰ ਕੁਮਾਰ ਨੇ ਵਿਦਿਆਰਥਣਾਂ ਨੂੰ ਡਾਂਸ ਅਤੇ ਗਾਇਨ, ਹਾਵ-ਭਾਵ ਅਤੇ ਤਾਲ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ।