ਹਾਦਸੇ ਮਗਰੋਂ ਹਰਿਆਣਾ ਦਾ ਸਿੰਜਾਈ ਵਿਭਾਗ ਜਾਗਿਆ
ਰਤੀਆ (ਪੱਤਰ ਪ੍ਰੇਰਕ ):
ਹਰਿਆਣਾ ਦੇ ਸਰਦਾਰੇ ਵਾਲਾ ਭਾਖੜਾ ਪੁਲ ’ਤੇ ਹੋਏ ਕਰੂਜ਼ਰ ਹਾਦਸੇ ਮਗਰੋਂ ਸਰਕਾਰ ਦਾ ਸਿੰਜਾਈ ਵਿਭਾਗ ਹਰਕਤ ਵਿੱਚ ਆ ਗਿਆ ਹੈ। ਇਸ ਹਾਦਸੇ ਮਗਰੋਂ ਹਰਿਆਣੇ ਦੇ ਸਿੰਜਾਈ ਵਿਭਾਗ ਵੱਲੋਂ ਪੁਲ ਦੇ ਆਲੇ ਦੁਆਲੇ ਟਰੈਕ ਦਾ ਕੰਮ ਸ਼ੁਰੂ ਹੋ ਗਿਆ ਹੈ। ਮਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਬਕਸਿਆਂ ਵਿੱਚ ਰੱਖੀਆਂ ਗਈਆਂ। ਜ਼ਿਕਰਯੋਗ ਹੈ ਕਿ ਪਿੰਡ ਖਾਈ ਅਤੇ ਸਰਦਾਰੇਵਾਲਾ ਵਿਚਕਾਰ ਭਾਖੜਾ ਨਹਿਰ ਦੇ ਪੁਲ ਦੀ ਪਟੜੀ ’ਤੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਸ਼ੁੱਕਰਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਸੁਰੱਖਿਆ ਦੀਵਾਰਾਂ ਨਾ ਹੋਣ ਕਾਰਨ 14 ਲੋਕਾਂ ਨੂੰ ਲੈ ਕੇ ਜਾ ਰਹੀ ਕਰੂਜ਼ਰ ਸਿੱਧੀ ਨਹਿਰ ਵਿੱਚ ਜਾ ਡਿੱਗੀ। ਇਸ ਕਾਰਨ 12 ਲੋਕ ਪਾਣੀ ਦੇ ਵਹਾਅ ਵਿੱਚ ਵਹਿ ਗਏ। ਇਸ ਤੋਂ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਆਸ ਪਾਸ ਦੇ ਪਿੰਡਾਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਤੋਂ ਪੁਲ ਦੇ ਆਲੇ ਦੁਆਲੇ ਪਟੜੀਆਂ ਤੇ ਸੁਰੱਖਿਆ ਦੀਵਾਰ ਜਾਂ ਰੇਲਿੰਗ ਲਗਾਉਣ ਦੀ ਮੰਗ ਕਰ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਰਤੀਆ ਦੇ ਐੱਸਡੀਐਮ ਜਗਦੀਸ਼ ਚੰਦਰ ਨੇ ਸਿੰਜਾਈ ਵਿਭਾਗ ਦੇ ਐਕਸੀਅਨ ਸ਼ਿਆਮ ਢੀਂਗਰਾ ਅਤੇ ਐੱਸਡੀਓ ਸੰਜੀਵ ਸਿੰਗਲਾ ਨੂੰ ਟਰੈਕ ਤੇ ਸੁਰੱਖਿਆ ਦੀਵਾਰ ਜਾਂ ਰੇਲਿੰਗ ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਵਿਭਾਗ ਨੇ ਮਿੱਟੀ ਨਾਲ ਬੋਰੀਆਂ ਭਰ ਕੇ ਸੁਰੱਖਿਆ ਦੀਵਾਰ ਵਜੋਂ ਡੰਡਿਆਂ ਨਾਲ ਬਣੇ ਬਕਸਿਆਂ ਵਿੱਚ ਰੱਖ ਕੇ ਆਰਜ਼ੀ ਪ੍ਰਬੰਧ ਕੀਤੇ ਹਨ।ਸਿੰਜਾਈ ਵਿਭਾਗ ਦੇ ਜੂਨੀਅਰ ਇੰਜਨੀਅਰ ਰਾਜਨ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਪੁਲ ਦੀਆਂ ਪਟੜੀਆਂ ’ਤੇ ਮਿੱਟੀ ਦੀਆਂ ਬੋਰੀਆਂ ਨਾਲ ਭਰੇ ਬਕਸੇ ਰੱਖਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਪੰਜਾਬ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਰਿਫਲੈਕਟਰ, ਇੰਡੀਕੇਟਰ ਬੋਰਡ ਅਤੇ ਲਾਈਟਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।