ਹਰਿਆਣਾ ਦੇ ਨੌਜਵਾਨ ਦੀ ਰੂਸ ਵਿੱਚ ਮੌਤ
ਪ੍ਰਵੀਨ ਅਰੋੜਾ
ਕਰਨਾਲ, 27 ਜੁਲਾਈ
ਮਾਸਕੋ ਵਿਚਲੀ ਭਾਰਤੀ ਅੰਬੈਸੀ ਨੇ ਕੈਥਲ ਜ਼ਿਲ੍ਹੇ ਦੇ ਪਿੰਡ ਮਟੋਰ ਦੇ 22 ਸਾਲਾ ਰਵੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਪੁਸ਼ਟੀ ਉਸ ਸਮੇਂ ਹੋਈ ਜਦੋਂ ਮ੍ਰਿਤਕ ਦੇ ਭਰਾ ਅਜੇ ਨੇ ਅੰਬੈਸੀ ਤੋਂ ਰਵੀ ਬਾਰੇ ਜਾਣਕਾਰੀ ਮੰਗੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਰਵੀ ਦੀ ਮੌਤ ਰੂਸੀ ਮੋਰਚੇ ’ਤੇ ਹੋਈ ਹੈ। ਅਜੈ ਨੂੰ ਬੀਤੇ ਦਿਨ ਅੰਬੈਸੀ ਤੋਂ ਜਵਾਬ ਮਿਲਿਆ ਸੀ।
ਇਸ ਸਬੰਧੀ ਰਵੀ ਨੇ ਦੱਸਿਆ, ‘ਮੈਂ ਰੂਸ ਵਿੱਚ ਆਪਣੇ ਭਰਾ ਬਾਰੇ ਜਾਣਕਾਰੀ ਮੰਗੀ ਸੀ। ਅੰਬੈਸੀ ਨੇ ਰੂਸੀ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਜਿਨ੍ਹਾਂ ਰਵੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸ਼ਨਾਖ਼ਤ ਲਈ ਅੰਬੈਸੀ ਨੇ ਮੇਰੀ ਮਾਂ ਦੇ ਡੀਐੱਨਏ ਟੈਸਟ ਲਈ ਕਿਹਾ ਹੈ। ਮੇਰੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਮੇਰੇ ਪਿਤਾ ਸ਼ਹਿਰ ਤੋਂ ਬਾਹਰ ਹਨ। ਇਸ ਲਈ ਮੈਂ ਅੰਬੈਸੀ ਨੂੰ ਅਪੀਲ ਕੀਤੀ ਹੈ ਕਿ ਮੇਰਾ ਡੀਐੱਨਏ ਟੈਸਟ ਕਰਵਾ ਲਿਆ ਜਾਵੇ।’ ਅਜੈ ਨੂੰ ਈਮੇਲ ਰਾਹੀਂ ਕਿਹਾ ਗਿਆ ਹੈ ਕਿ ਡੀਐੱਨਏ ਰਿਪੋਰਟ ਮਾਸਕੋ ਵਿਚਲੀ ਭਾਰਤੀ ਅੰਬੈਸੀ ਨਾਲ ਸਾਂਝੀ ਕੀਤੀ ਜਾਵੇਗੀ ਜੋ ਅੱਗੇ ਲਾਸ਼ ਦੀ ਸ਼ਨਾਖਤ ਲਈ ਰੂਸੀ ਅਥਾਰਿਟੀਆਂ ਕੋਲ ਭੇਜੀ ਜਾਵੇਗੀ। ਅਜੈ ਨੇ ਕਿਹਾ, ‘ਮੈਂ ਆਪਣੇ ਡੀਐੱਨਏ ਟੈਸਟ ਲਈ ਅਰਜ਼ੀ ਦਿੱਤੀ ਹੈ ਅਤੇ ਮੈਨੂੰ ਆਸ ਹੈ ਕਿ ਇੱਕ-ਦੋ ਦਿਨਾਂ ਅੰਦਰ ਪ੍ਰਵਾਨਗੀ ਮਿਲ ਜਾਵੇਗੀ ਤਾਂ ਮੈਂ ਡੀਐੱਨਏ ਟੈਸਟ ਮੁਹੱਈਆ ਕਰ ਦੇਵਾਂਗਾ।’ ਉਸ ਨੇ ਕਿਹਾ ਕਿ ਉਸ ਦਾ ਭਰਾ ਇਸ ਸਾਲ 13 ਜਨਵਰੀ ਨੂੰ ਨੌਕਰੀ ਲਈ ਰੂਸ ਗਿਆ ਸੀ। ਉਹ ਕੁਝ ਦਿਨਾਂ ਤੱਕ ਉਸ ਨਾਲ ਸੰਪਰਕ ਵਿੱਚ ਸੀ ਅਤੇ ਬਾਅਦ ਵਿੱਚ ਉਸ ਨੂੰ ਮੋਰਚੇ ’ਤੇ ਭੇਜ ਦਿੱਤਾ ਗਿਆ। ਉਸ ਨੇ ਕਿਹਾ ਕਿ 12 ਮਾਰਚ ਮਗਰੋਂ ਰਵੀ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਉਸ ਨੇ 22 ਜੁਲਾਈ ਨੂੰ ਅੰਬੈਸੀ ਨੂੰ ਈਮੇਲ ਪਾਈ ਸੀ ਜਿਸ ਦਾ ਜਵਾਬ 26 ਜੁਲਾਈ ਨੂੰ ਆਇਆ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦਾ ਡੀਐੱਨਏ ਟੈਸਟ ਕਰਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ ਤਾਂ ਜੋ ਉਸ ਦੇ ਭਰਾ ਰਵੀ ਦੀ ਲਾਸ਼ ਵਾਪਸ ਲਿਆਂਦੀ ਜਾ ਸਕੇ। ਕੈਥਲ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਇਸ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪਰੈਲ ਮਹੀਨੇ ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸੂੁਰਜੇਵਾਲਾ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਰੂਸ ਵਿੱਚ ਫਸੇ ਹਰਿਆਣਾ ਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਹਰਿਆਣਾ ਦੇ ਅੱਠ ਨੌਜਵਾਨਾਂ ਦੀ ਸੂਚੀ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਵਿੱਚ ਛੇ ਨੌਜਵਾਨ ਕੈਥਲ ਜ਼ਿਲ੍ਹੇ ਦੇ ਪਿੰਡ ਮਟੌਰ ਅਤੇ ਇੱਕ ਫਤਿਹਾਬਾਦ ਦੇ ਟੋਹਾਣਾ ਅਤੇ ਇੱਕ ਕਰਨਾਲ ਜ਼ਿਲ੍ਹੇ ਦੇ ਸੰਬਲੀ ਪਿੰਡ ਨਾਲ ਸਬੰਧਿਤ ਹੈ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਪ੍ਰਧਾਨ ਮੰਤਰੀ ਬਣਨ ਮਗਰੋਂ ਰੂਸ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਰੂਸ ਤੇ ਰਾਸ਼ਟਰਪਤੀ ਨਾਲ ਇਸ ਸਬੰਧੀ ਗੱਲਬਾਤ ਕਰਦਿਆਂ ਰੂਸ ਦੀ ਫ਼ੌਜ ਵਿੱਚ ਭਰਤੀ ਹੋਏ ਭਾਰਤੀ ਨੌਜਵਾਨਾਂ ਨੂੰ ਵਾਪਸ ਭੇਜਣ ਦਾ ਮੁੱਦਾ ਰੱਖਿਆ ਸੀ।