ਹਰਿਆਣਾ: ਛੇੜਖਾਨੀ ਤੋਂ ਰੋਕਣ ’ਤੇ ਬਦਮਾਸ਼ਾਂ ਵੱਲੋਂ ਔਰਤ ਦੀ ਗੋਲੀ ਮਾਰ ਕੇ ਹੱਤਿਆ
* ਨੂਹ ਇਲਾਕੇ ’ਚ ਹੋਈ ਵਾਰਦਾਤ
* ਫਸਲ ਦੀ ਸਿੰਜਾਈ ਲਈ ਪਤੀ ਨਾਲ ਗਈ ਸੀ ਖੇਤ
ਟ੍ਰਿਬਿਊਨ ਨਿਊੁਜ਼ ਸਰਵਿਸ
ਗੁਰੂਗ੍ਰਾਮ, 28 ਜਨਵਰੀ
ਹਰਿਆਣਾ ਦੇ ਨੂਹ ਇਲਾਕੇ ਵਿੱਚ ਬਦਮਾਸ਼ਾਂ ਨੇੇ ਛੇੜਖਾਨੀ ਦਾ ਵਿਰੋਧ ਕਰਨ ’ਤੇ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਸੁੰਨਤੀ ਵਜੋਂ ਦੱਸੀ ਗਈ ਹੈ, ਜੋ ਆਪਣੇ ਪਤੀ ਨਾਲ ਖੇਤਾਂ ’ਚ ਫਸਲ ਦੀ ਸਿੰਜਾਈ ਲਈ ਗਈ ਸੀ। ਮਿ੍ਰਤਕਾ ਦੇ ਪਤੀ ਇਨਾਇਤ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤਾਂ ’ਚ ਸਿੰਜਾਈ ਲਈ ਰਾਤ ਸਮੇਂ ਹੀ ਬਿਜਲੀ ਸਪਲਾਈ ਮਿਲਦੀ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੁੰਨਤੀ ਨਾਲ ਰਾਤ ਨੂੰ ਖੇਤ ਗਿਆ ਸੀ। ਜਦੋਂ ਉਹ ਖੇਤ ਨੂੰ ਪਾਣੀ ਦੇ ਰਹੇ ਸਨ ਤਾਂ ਉਥੇ ਚਾਰ ਨਕਾਬਪੋਸ਼ ਬਦਮਾਸ਼ ਆਏ ਤੇ ਉਨ੍ਹਾਂ ਕੋਲੋਂ ਮੋਬਾਈਲ ਤੇ ਨਕਦੀ ਖੋਹ ਲਈ। ਇਸ ਮਗਰੋਂ ਬਦਮਾਸ਼ਾਂ ਨੇ ਉਸ ਦੀ ਪਤਨੀ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਸੁੰਨਤੀ ਨੇ ਇਸ ਦਾ ਵਿਰੋਧ ਕੀਤਾ ਤੇ ਉਹ ਬਦਮਾਸ਼ਾਂ ਨਾਲ ਭਿੜ ਗਈ ਜਿਸ ਮਗਰੋਂ ਬਦਮਾਸ਼ ਨੇ ਸੁੰਨਤੀ ਨੂੰ ਗੋਲੀ ਮਾਰ ਦਿੱਤੀ। ਬਿਛੋਰ ਦੇ ਥਾਣਾ ਮੁਖੀ ਜਗਬੀਰ ਸਿੰਘ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।