ਹਰਿਆਣਾ ਹਿੰਸਾ: 176 ਵਿਅਕਤੀ ਗ੍ਰਿਫ਼ਤਾਰ, 93 ਐੱਫਆਈਆਰ ਦਰਜ
* ਨੂਹ ਵਿੱਚ ਆਈਆਰਬੀ ਬਟਾਲੀਅਨ ਤਾਇਨਾਤ
ਗੁਰੂਗ੍ਰਾਮ/ਚੰਡੀਗੜ੍ਹ, 3 ਅਗਸਤ
ਹਰਿਆਣਾ ਪੁਲੀਸ ਨੇ ਨੂਹ ਤੇ ਦਿੱਲੀ ਕੌਮੀ ਰਾਜਧਾਨੀ ਖੇਤਰ ਨਾਲ ਲੱਗਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਲੈ ਕੇ ਬੁੁੱਧਵਾਰ ਰਾਤ 23 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਹਿੰਸਕ ਝੜਪਾਂ ਦੇ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਗਿਣਤੀ 176 ਹੋ ਗਈ ਹੈ ਜਦੋਂਕਿ 78 ਵਿਅਕਤੀਆਂ ਨੂੰ ਇਹਤਿਆਤ ਵਜੋਂ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਨੂਹ ਵਿੱਚ ਅੱਜ ਸਵੇਰੇ ਤਿੰਨ ਘੰਟਿਆਂ (10 ਤੋਂ 1 ਵਜੇ) ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ ਜਦੋਂਕਿ ਹਰਿਆਣਾ ਸੀਈਟੀ ਗਰੁੱਪ ‘ਸੀ’ ਪ੍ਰੀਖਿਆ ਦੇ ਦਾਖਲਾ ਪੱਤਰ ਡਾਊਨਲੋਡ ਕਰਨ ਲਈ ਨੂਹ ਤੇ ਕੁਝ ਹੋਰਨਾਂ ਥਾਵਾਂ ’ਤੇ ਬਾਅਦ ਦੁਪਹਿਰ ਇਕ ਵਜੇ ਤੋਂ ਤਿੰਨ ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ। ਵਧੀਕ ਮੁੱਖ ਸਕੱਤਰ (ਗ੍ਰਹਿ) ਟੀ.ਵੀ.ਐੱਸ.ਐੱਨ.ਪ੍ਰਸਾਦ ਨੇ ਕਿਹਾ ਕਿ 93 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਨੂਹ ’ਚ 46, ਗੁਰੂਗ੍ਰਾਮ ’ਚ 23, ਫਰੀਦਾਬਾਦ ਤੇ ਰੇਵਾੜੀ ’ਚ 3-3 ਤੇ ਪਲਵਲ ਵਿਚ 18 ਸ਼ਾਮਲ ਹਨ। ਪ੍ਰਸਾਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਹਾਲਾਤ ਦੀ ਵਿਆਪਕ ਸਮੀਖਿਆ ਕਰਨੀ ਹੋਵੇਗੀ। ਸੋਸ਼ਲ ਮੀਡੀਆ ’ਤੇ ਭੜਕਾਊ ਜਾਂ ਫ਼ਰਜ਼ੀ ਜਾਣਕਾਰੀ ਨਹੀਂ ਫੈਲਣੀ ਚਾਹੀਦੀ।’’
ਪ੍ਰਸਾਦ ਨੇ ਕਿਹਾ ਕਿ ਫਿਰਕੂ ਝੜਪਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਿਸ ਕਿਸੇ ਨੇ ਅਮਨ ਤੇ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਉਸ ਨਾਲ ਸਖ਼ਤੀ ਨਾਲ ਨਜਿੱਠਾਂਗੇ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਹਾਲਾਤ ਤੇਜ਼ੀ ਨਾਲ ਆਮ ਵਾਂਗ ਹੋਣ ਲੱਗੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਚੋਖੇ ਸੁਰੱਖਿਆ ਬਲ ਹਨ। ਕੇਂਦਰ ਸਰਕਾਰ ਵੱਲੋਂ ਕੇਂਦਰੀ ਬਲਾਂ ਦੀਆਂ 24 ਕੰਪਨੀਆਂ ਮੁਹੱਈਆ ਕਰਵਾਈਆਂ ਗਈਆਂ ਹਨ।’’ ਪ੍ਰਸਾਦ ਨੇ ਕਿਹਾ ਕਿ ਨੂਹ ਵਿੱਚ ਆਈਆਰਬੀ ਦੀ ਬਟਾਲੀਅਨ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਜਲਦੀ ਹੀ ਮੇਵਾਤ ਵਿੱਚ ਰੈਪਿਡ ਐਕਸ਼ਨ ਫੋਰਸ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜੋ ਉਥੇ ਸਥਾਈ ਤੌਰ ’ਤੇ ਰਹੇਗਾ।’’ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਹਮਲਿਆਂ ਦਾ ਜਸ਼ਨ ਮਨਾਉਣ ਵਾਲਿਆਂ ਖਿਲਾਫ਼ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਨੂਹ ਦੇ ਐੱਸਪੀ ਵਰੁਣ ਸਿੰਗਲਾ ਦੀ ਅਗਵਾਈ ਵਿੱਚ ਸੀਆਈਏ ਤੇ ਐੱਸਟੀਐਫ ਦੀਆਂ ਅੱਠ ਟੀਮਾਂ ਵਲੋਂ ਵਾਮੇਵਲੀ, ਜਲਾਲਪੁਰ, ਸ਼ਿਕਾਰਪੁਰ ਤੇ ਸ਼ਿੰਗਾਰ ਪਿੰਡਾਂ ਵਿੱਚ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਨੂਹ ਦੇ ਤੋਰੂ ਬਲਾਕ ਵਿੱਚ ਬੁੱਧਵਾਰ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਖੇਤਰ ਵਿੱਚ ਦੋ ਧਾਰਮਿਕ ਅਸਥਾਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਟੀਮਾਂ ਦੇ ਸਮੇਂ ਸਿਰ ਪੁੱਜ ਕੇ ਅੱਗ ਬੁਝਾਉਣ ਨਾਲ ਵੱਡਾ ਹਾਦਸਾ ਟਲ ਗਿਆ। ਨੂਹ ਦੇ ਐੱਸਪੀ ਵਰੁਣ ਸਿੰਗਲਾ ਨੇ ਕਿਹਾ, ‘‘ਇਕ ਮਸਜਿਦ ਵਿਚ ਹਲਕੀ ਅੱਗਜ਼ਨੀ ਕੀਤੀ ਗਈ ਜਦੋਂ ਦੂਜੀ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲੱਗਦਾ ਹੈ। ਪੁਲੀਸ ਵੱਲੋੋਂ ਮੌਕਾ ਸਾਂਭਦਿਆਂ ਮਸ਼ਕੂਕਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਦੋ ਧਾਰਮਿਕ ਅਸਥਾਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਬਾਰੇ ਪਤਾ ਲੱਗਾ ਤਾਂ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜ ਕੇ ਅੱਗ ’ਤੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਨੇੜਲੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ। ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਨੂਹ ਹਿੰਸਾ ਦੀ ਹਾਈ ਕੋਰਟ ਦੀ ਨਿਗਰਾਨੀ ਵਿੱਚ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਫਿਰਕੂ ਹਿੰਸਾ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਨੇ ਭਲਕੇ ਜੁੰਮੇ ਦੀ ਨਮਾਜ਼ ਘਰਾਂ ਵਿੱਚ ਹੀ ਅਦਾ ਕਰਨ ਦਾ ਫ਼ੈਸਲਾ ਕੀਤਾ ਹੈ।
ਮੋਨੂ ਮਾਨੇਸਰ ਨੂੰ ਗ੍ਰਿਫ਼ਤਾਰ ਕਰਨ ’ਚ ਮਦਦ ਦੀ ਪੇਸ਼ਕਸ਼ ਧਿਆਨ ਭਟਕਾਉਣ ਦੀ ਕੋਸ਼ਿਸ਼: ਗਹਿਲੋਤ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਬਜਰੰਗ ਦਲ ਦੇ ਕਾਰਕੁਨ ਤੇ ਗਊ ਰੱਖਿਅਕ ਮੋਨੂ ਮਾਨੇਸਰ ਖਿਲਾਫ਼ ਕਾਰਵਾਈ ਲਈ ਰਾਜਸਥਾਨ ਪੁਲੀਸ ਨੂੰ ਖੁੱਲ੍ਹਾ ਹੱਥ ਦੇ ਕੇ ਹਰਿਆਣਾ ਦੇ ਉਨ੍ਹਾਂ ਦੇ ਹਮਰੁਤਬਾ ਮਨੋਹਰ ਲਾਲ ਖੱਟਰ ਨੇ ਸੂਬੇ ਵਿੱਚ ਹੋ ਰਹੀ ਫਿਰਕੂ ਹਿੰਸਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਹਿਲੋਤ ਨੇ ਕਿਹਾ ਕਿ ਰਾਜਸਥਾਨ ਪੁਲੀਸ ਪਹਿਲਾਂ ਜਦੋਂ ਦੋਹਰੇ ਕਤਲ ਕੇਸ ਦੇ ਮੁਲਜ਼ਮ (ਮੋਨੂ ਮਾਨੇਸਰ) ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣਾ ਗਈ ਸੀ ਤਾਂ ਉਦੋਂ ਉਨ੍ਹਾਂ ਨੂੰ ਉਥੇ ਪੁਲੀਸ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਗਹਿਲੋਤ ਨੇ ਕਿਹਾ ਕਿ ਖੱਟਰ ਹਰਿਆਣਾ ਵਿਚ ਹਿੰਸਾ ਨੂੰ ਰੋਕਣ ਵਿੱਚ ਨਾਕਾਮ ਰਹੇ ਹਨ ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। -ਪੀਟੀਆਈ
ਸਾਰੀਆਂ ਧਿਰਾਂ ਸੰਜਮ ਤੋਂ ਕੰਮ ਲੈਣ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਹਰਿਆਣਾ ਦੇ ਗੁਰੂਗ੍ਰਾਮ ਤੇ ਨੇੜਲੇ ਇਲਾਕਿਆਂ ਵਿੱਚ ਜਾਰੀ ਫਿਰਕੂ ਹਿੰਸਾ ਦੇ ਹਵਾਲੇ ਨਾਲ ਅੱਜ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦਾ ਸੱਦਾ ਦਿੱਤਾ। ਵਿਦੇਸ਼ ਵਿਭਾਗ ਨੇ ਸਭ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਕ ਕਾਰਵਾਈਆਂ ਖਿਲਾਫ਼ ਸੰਜਮ ਨਾਲ ਕੰਮ ਲੈਣ। ਤਰਜਮਾਨ ਮੈਥਿਊ ਮਿੱਲਰ ਨੇ ਕਿਹਾ, ‘‘ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਤੇ ਹਿੰਸਕ ਕਾਰਵਾਈਆਂ ਖਿਲਾਫ਼ ਸੰਜਮ ਤੋਂ ਕੰਮ ਲੈਣ।’’ -ਏਐੱਨਆਈ
ਹਰਿਆਣਾ ਹਿੰਸਾ ‘ਵਡੇਰੀ ਸਾਜ਼ਿਸ਼ ਦਾ ਹਿੱਸਾ’: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਹਰਿਆਣਾ ਵਿੱਚ ਫਿਰਕੂ ਹਿੰਸਾ ਨੂੰ ਲੈ ਕੇ ਕਾਂਗਰਸ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ। ਭਾਜਪਾ ਨੇ ਕਿਹਾ ਕਿ ਦੋ ਭਾਈਚਾਰਿਆਂ ਵਿਚਾਲੇ ਝੜਪਾਂ ‘ਵਡੇਰੀ ਸਾਜ਼ਿਸ਼ ਦਾ ਹਿੱਸਾ’ ਹਨ। ਭਾਜਪਾ ਦੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਮਾਮਨ ਖ਼ਾਨ ਵੱਲੋਂ ‘ਭੜਕਾਊ ਬਿਆਨ’ ਕਾਰਨ ਹਿੰਸਾ ’ਚ ਪਾਰਟੀ ਦੀ ਭੂਮਿਕਾ ਸਵਾਲ ਖੜ੍ਹੇ ਹੁੰਦੇ ਹਨ।