ਹਰਿਆਣਾ ਵਿਧਾਨ ਸਭਾ: ਔਰਤਾਂ ਨੂੰ 2100 ਰੁਪਏ ਨਾ ਦੇਣ ’ਤੇ ਹੰਗਾਮਾ
ਆਤਿਸ਼ ਗੁਪਤਾ
ਚੰਡੀਗੜ੍ਹ, 11 ਮਾਰਚ
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਂਗਰਸ ਨੇ ਸੱਤਾਧਾਰੀ ਧਿਰ ਨੂੰ ਔਰਤਾਂ ਨੂੰ 2100 ਰੁਪਏ ਦੇਣ ਦੇ ਮੁੱਦੇ ’ਤੇ ਘੇਰਿਆ। ਇਸ ਨੂੰ ਲੈ ਕੇ ਸੈਸ਼ਨ ਵਿੱਚ ਹੰਗਾਮਾ ਹੋਇਆ। ਸਪੀਕਰ ਨੇ ਦਖਲਅੰਦਾਜ਼ੀ ਕਰਦਿਆਂ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ। ਅੱਜ ਪ੍ਰਸ਼ਨ ਕਾਲ ਸ਼ੁਰੂ ਹੁੰਦਿਆ ਹੀ ਕਾਂਗਰਸੀ ਵਿਧਾਇਕ ਪੂਜਾ ਚੌਧਰੀ ਨੇ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦੇ ਵਾਅਦੇ ਕੀਤੇ ਗਏ ਸੀ, ਉਹ ਕਦੋਂ ਪੂਰੇ ਹੋਣਗੇ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਇਹ ਮਾਮਲੇ ਸਰਕਾਰ ਦੇ ਵਿਚਾਰ ਅਧੀਨ ਹੈ।
ਕਾਂਗਰਸੀ ਵਿਧਾਇਕ ਪੂਜਾ ਚੌਧਰੀ ਨੇ ਮੰਤਰੀ ਬੇਦੀ ਦੇ ਜਵਾਬ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ। ਸ੍ਰੀ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਿਮਾਚਲ ਤੇ ਤਿਲੰਗਾਨਾ ਵਿੱਚ ਵੀ ਔਰਤਾਂ ਨਾਲ ਵਾਅਦੇ ਕੀਤੇ ਸੀ, ਕੀ ਉੱਥੇ ਪੂਰੇ ਹੋ ਗਏ। ਕਾਂਗਰਸੀ ਵਿਧਾਇਕ ਵਿਨੇਸ਼ ਫੌਗਾਟ ਨੇ ਆਪਣੇ ਇਲਾਕੇ ਵਿੱਚ ਲੜਕੀਆਂ ਲਈ ਕਾਲਜ ਖੋਲ੍ਹਣ ਦੀ ਮੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਨਜ਼ਦੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਸੀਟਾਂ ਭਰ ਜਾਣ, ਮਗਰੋਂ ਲੋੜ ਪਈ ਤਾਂ ਨਵੇਂ ਕਾਲਜ ਬਾਰੇ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਬਿਨਾਂ ਡਿਗਰੀ ਤੇ ਲਾਇਸੈਂਸ ਤੋਂ ਚੱਲਣ ਵਾਲੇ ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕਾਂ ਦੀ ਜਾਂਚ ਕੀਤੀ ਜਾਵੇਗੀ।