ਹਰਿਆਣਾ ਵਿਧਾਨ ਸਭਾ: ਕਲਿਆਣ ਸਪੀਕਰ ਤੇ ਮਿੱਢਾ ਡਿਪਟੀ ਸਪੀਕਰ ਬਣੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਹਰਿਆਣਾ ਵਿਧਾਨ ਸਭਾ ’ਚ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਨਵੇਂ ਚੁਣੇ ਵਿਧਾਇਕਾਂ ਨੇ ਸਹੁੰ ਚੁੱਕੀ। ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਡਾ. ਰਘੁਬੀਰ ਕਾਦਿਆਨ ਨੇ ਸਾਰੇ ਮੈਂਬਰਾਂ ਨੂੰ ਅਹੁਦੇ ਭੇਤ ਬਰਕਰਾਰ ਰੱਖਣ ਦਾ ਹਲਫ਼ ਦਿਵਾਇਆ। ਇਸ ਮਗਰੋਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਹੋਈ ਜਿਸ ਦੌਰਾਨ ਘਰੌਂਡਾ ਤੋਂ ਲਗਾਤਾਰ ਤਿੰਨ ਵਾਰ ਦੇ ਭਾਜਪਾ ਵਿਧਾਇਕ ਹਰਵਿੰਦਰ ਸਿੰਘ ਕਲਿਆਣ ਨੂੰ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਪੀਕਰ ਦੇ ਅਹੁਦੇ ਲਈ ਹਰਵਿੰਦਰ ਕਲਿਆਣ ਦਾ ਨਾਂ ਪੇਸ਼ ਕੀਤਾ ਅਤੇ ਪੀਡਬਲਿਊਡੀ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਉਨ੍ਹਾਂ ਦੇ ਨਾਂ ਦੀ ਹਮਾਇਤ ਕੀਤੀ। ਇਸ ਮਗਰੋਂ ਹਰਵਿੰਦਰ ਸਿੰਘ ਨੂੰ ਸਰਬ ਸਹਿਮਤੀ ਨਾਲ ਸਪੀਕਰ ਚੁਣ ਲਿਆ ਗਿਆ। ਸੀਐੱਮ ਸੈਣੀ, ਅਨਿਲ ਵਿੱਜ, ਕ੍ਰਿਸ਼ਨ ਲਾਲ ਪੰਵਾਰ, ਰਣਬੀਰ ਸਿੰਘ ਗੰਗਵਾ ਤੇ ਮਹੀਪਾਲ ਸਿੰਘ ਢਾਂਡਾ ਨੇ ਹਰਵਿੰਦਰ ਸਿੰਘ ਕਲਿਆਣ ਨੂੰ ਸਪੀਕਰ ਦੀ ਕੁਰਸੀ ’ਤੇ ਬਿਠਾਇਆ। ਨਵੇਂ ਸਪੀਕਰ ਨੇ ਡਿਪਟੀ ਸਪੀਕਰ ਦੀ ਚੋਣ ਕਰਵਾਈ। ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਡਿਪਟੀ ਸਪੀਕਰ ਦੇ ਅਹੁਦੇ ਲਈ ਡਾ. ਕ੍ਰਿਸ਼ਨ ਮਿੱਢਾ ਦਾ ਨਾਂ ਪੇਸ਼ ਕੀਤਾ ਤੇ ਯਮੁਨਾਨਗਰ ਤੋਂ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਉਨ੍ਹਾਂ ਦੀ ਹਮਾਇਤ ਕੀਤੀ। ਡਿਪਟੀ ਸਪੀਕਰ ਦੀ ਚੋਣ ਵੀ ਸਰਬ ਸਹਿਮਤੀ ਨਾਲ ਹੋ ਗਈ। ਇਸ ਤੋਂ ਪਹਿਲਾਂ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਾਦਿਆਨ ਨੂੰ ਐਕਟਿੰਗ ਸਪੀਕਰ ਲਈ ਅਹੁਦੇ ਦੀ ਸਹੁੰ ਦਿਵਾਈ।
ਸਾਰਿਆਂ ਨੂੰ ਨਾਲ ਲੈ ਕੇ ਚੱਲਣ ਸਪੀਕਰ: ਹੁੱਡਾ
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਪੀਕਰ ਦਾ ਅਹੁਦਾ ਅਹਿਮ ਹੈ। ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਸਦਨ ਦੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ। ਵਿਰੋਧੀ ਧਿਰ ਦਾ ਵਿਸ਼ੇਸ਼ ਤੌਰ ’ਤੇ ਖਿਆਲ ਰੱਖਿਆ ਜਾਵੇ।
ਵਿਰੋਧੀ ਧਿਰ ਦੇ ਸੁਝਾਵਾਂ ’ਤੇ ਅਮਲ ਕਰਾਂਗੇ: ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਵਾਰ 40 ਵਿਧਾਇਕ ਪਹਿਲੀ ਵਾਰ ਚੁਣ ਕੇ ਆਏ ਹਨ। ਅਜਿਹੇ ’ਚ ਸਪੀਕਰ ਨੂੰ ਉਨ੍ਹਾਂ ਸਾਰਿਆਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ 15ਵੀਂ ਵਿਧਾਨ ਸਭਾ ’ਚ ਚੁਣ ਕੇ ਆਈਆਂ 13 ਮਹਿਲਾ ਵਿਧਾਇਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਸਕਾਰਾਤਮਕ ਸੁਝਾਵਾਂ ’ਤੇ ਅਮਲ ਕਰੇਗੀ