ਚੰਡੀਗੜ੍ਹ, 9 ਅਕਤੂਬਰਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਤਿੰਨ ਆਜ਼ਾਦ ਵਿਧਾਇਕਾਂ ਦੇਵੇਂਦਰ ਕਾਦਿਆਨ, ਸਾਵਿੱਤਰੀ ਜਿੰਦਲ ਅਤੇ ਰਾਜੇਸ਼ ਜੂਨ ਨੇ ਸੂਬੇ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਭਾਜਪਾ ਨੂੰ ਸਹੁੰ ਚੁੱਕ ਸਮਾਗਮ ਮਗਰੋਂ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਰਾਜੇਸ਼ ਜੂਨ ਕਾਂਗਰਸ ਦੇ ਬਾਗੀ ਆਗੂ ਹਨ ਜਦਕਿ ਕਾਦਿਆਨ ਨੇ ਭਾਜਪਾ ਵੱਲੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਸਾਵਿੱਤਰੀ ਜਿੰਦਲ ਹਿਸਾਰ ਹਲਕੇ ਤੋਂ ਜੇਤੂ ਰਹੀ ਹੈ। ਸਾਵਿੱਤਰੀ ਜਿੰਦਲ ਨੇ ਆਖਿਆ ਕਿ ਉਨ੍ਹਾਂ ਨੇ ਹਿਸਾਰ ਦੇ ਵਿਕਾਸ ਲਈ ਭਾਜਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਕਿਹਾ ਕਿ ਕਾਦਿਆਨ ਤੇ ਜੂਨ ਨੇ ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਮਗਰੋਂ ਆਪਣਾ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਦੋਵੇਂ ਆਜ਼ਾਦ ਵਿਧਾਇਕ ਅੱਜ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਨੂੰ ਵੀ ਮਿਲੇ ਸਨ। -ਪੀਟੀਆਈ