ਹਰਿਆਣਾ: ਸੜਕ ਹਾਦਸੇ ’ਚ ਤਿੰਨ ਦੋਸਤਾਂ ਦੀ ਮੌਤ
ਸਤਪਾਲ ਰਾਮਗੜ੍ਹੀਆ
ਪਿਹੋਵਾ, 14 ਨਵੰਬਰ
ਇੱਥੇ ਗੂਹਲਾ ਚੀਕਾ ਰੋਡ ’ਤੇ ਪਿੰਡ ਕਰਾਹ ਸਾਹਿਬ ਨੇੜੇ ਲੰਘੀ ਰਾਤ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿਹੋਵਾ ਦੇ ਕਾਕੂ (21), ਨਰਵਾਣਾ ਦੇ ਗੌਰਵ ਅਤੇ ਨਰਵਾਣਾ ਦੇ ਰਾਕੇਸ਼ ਧਰੌਦੀ ਵਜੋਂ ਹੋਈ ਹੈ। ਤਿੰਨੋਂ ਦੋਸਤ ਸਨ। ਮ੍ਰਿਤਕਾਂ ਵਿੱਚੋਂ ਇੱਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਗੌਰਵ ਤੇ ਰਾਕੇਸ਼ ਪਾਉਂਟਾ ਸਾਹਿਬ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੂੰ ਲੰਘੇ ਦਿਨ ਤਨਖਾਹ ਮਿਲੀ ਸੀ। ਇਸ ਮਗਰੋਂ ਉਹ ਉੱਥੋਂ ਘਰ ਆ ਰਹੇ ਸਨ ਪਰ ਰਸਤੇ ਵਿੱਚ ਉਹ ਆਪਣੇ ਦੋਸਤ ਕਾਕੂ ਕੋਲ ਪਿਹੋਵਾ ਰੁਕ ਗਏ। ਮਗਰੋਂ ਪੁਲੀਸ ਨੇ ਕਾਕੂ ਦੀ ਮਾਂ ਨੂੰ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕਾਕੂ ਦੇ ਵੱਡੇ ਭਰਾ ਸ਼ੰਮੀ ਅਤੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਕੱਲ੍ਹ ਉਨ੍ਹਾਂ ਦੇ ਘਰ ਨੇੜੇ ਪਾਰਕ ਵਿੱਚ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਸੀ। ਇਸ ਦੌਰਾਨ ਕਾਕੂ ਨੇ ਇਕ ਨੌਜਵਾਨ ਨੂੰ ਛੁਡਵਾਇਆ, ਮਗਰੋਂ ਸਾਰੇ ਉੱਥੋਂ ਚਲੇ ਗਏ। ਦੋਵੇਂ ਧਿਰਾਂ ਦੇ ਮੈਂਬਰ ਫਿਰ ਆ ਕੇ ਲੜਨ ਲੱਗ ਪਏ।
ਦੇਰ ਸ਼ਾਮ ਕਾਕੂ ਨੇ ਘਰ ਦੇ ਉਪਰਲੇ ਕਮਰੇ ਦੀ ਚਾਬੀ ਵੀ ਮੰਗੀ ਸੀ ਤਾਂ ਜੋ ਉਸ ਦੇ ਦੋਸਤ ਗੌਰਵ ਅਤੇ ਰਾਕੇਸ਼ ਰਹਿ ਸਕਣ। ਪਰਿਵਾਰਕ ਮੈਂਬਰਾਂ ਦੇ ਇਨਕਾਰ ਕਰਨ ਮਗਰੋਂ ਉਹ ਉੱਥੋਂ ਮੋਟਰਸਾਈਕਲ ’ਤੇ ਚਲੇ ਗਏ। ਮ੍ਰਿਤਕ ਕਾਕੂ ਦੀ ਚਾਚੀ ਨੇ ਕਥਿਤ ਦੋਸ਼ ਲਾਇਆ ਕਿ ਲੜਾਈ ਮਗਰੋਂ ਕਾਕੂ ਨੇ ਉਸ ਨੂੰ ਦੱਸਿਆ ਸੀ ਕਿ ਸ਼ੋਰਾਗੀਰ ਖੇਤਰ ਦਾ ਇਕ ਵਿਅਕਤੀ ਅਤੇ ਇਕ ਔਰਤ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ, ਪਰ ਉਸ ਨੇ ਧਿਆਨ ਨਹੀਂ ਦਿੱਤਾ।
ਪੁਲੀਸ ਸਾਰੇ ਤੱਥਾਂ ਦੀ ਜਾਂਚ ਕਰੇਗੀ: ਐੱਸਐੱਚਓ
ਐੱਸਐੱਚਓ ਵਿਕਰਾਂਤ ਦਾ ਕਹਿਣਾ ਹੈ ਕਿ ਪੁਲੀਸ ਨੂੰ ਰਾਤ ਨੂੰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਮਗਰੋਂ ਪੁਲੀਸ ਨੇ ਮੌਕੇ ’ਤੇ ਜਾ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲਾ ਸੜਕ ਹਾਦਸੇ ਦਾ ਜਾਪ ਰਿਹਾ ਹੈ ਪਰ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਵੀ ਧਿਆਨ ’ਚ ਰੱਖ ਕੇ ਅਗਲੇਰੀ ਜਾਂਚ ਕੀਤੀ ਜਾਵੇਗੀ।