ਹਰਿਆਣਾ ਨੇ ਵਿਧਾਨ ਸਭਾ ਲਈ ਬਦਲਵੀਂ ਜ਼ਮੀਨ ਦੇਣ ਲਈ ਯੂਟੀ ਨੂੰ ਨਿਸ਼ਾਨਦੇਹੀ ਰਿਪੋਰਟ ਸੌਂਪੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਇਮਾਰਤ ਲਈ ਹਰਿਆਣਾ ਸਰਕਾਰ ਨੇ ਅੱਜ ਜ਼ਮੀਨ ਦੀ ਅਦਲਾ-ਬਦਲੀ ਕਰਨ ਲਈ ਯੂਟੀ ਨੂੰ ਸਕੇਤੜੀ ਵਿੱਚ 12 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਦੀ ਰਿਪੋਰਟ ਸੌਂਪ ਦਿੱਤੀ ਹੈ। ਇਸ ਜ਼ਮੀਨ ਨੂੰ ਚੰਡੀਗੜ੍ਹ ਵਿੱਚ ਆਈਟੀ ਪਾਰਕ ਰੋਡ ਨੇੜੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ ਲਈ 10 ਏਕੜ ਜ਼ਮੀਨ ਸੌਂਪੀ ਜਾਵੇਗੀ। ਇਹ ਰਿਪੋਰਟ ਡੀਸੀ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੌਂਪੀ ਗਈ ਹੈ। ਹੁਣ ਯੂਟੀ ਨੇ ਵਾਤਾਵਰਨ ਵਿਭਾਗ ਦੀ ਕਲੀਅਰੈਂਸ ਰਿਪੋਰਟ ਮੰਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਹਰਆਮਾ ਦੇ ਅਧਿਕਾਰੀਆਂ ਨੇ ਯੂਟੀ ਦੇ ਅਧਿਕਾਰੀਆਂ ਨਾਲ ਮਿਲ ਕੇ ਸਕੇਤੜੀ ਵਿੱਚ 12 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਸੀ। ਉਸੇ ਜ਼ਮੀਨ ਦੀ ਅਧਿਕਾਰਿਤ ਰਿਪੋਰਟ ਅੱਜ ਸੌਂਪੀ ਗਈ ਹੈ। ਡੀਸੀ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 12 ਏਕੜ ਜ਼ਮੀਨ ਦੀ ਰਿਪੋਰਟ ਸੌਂਪ ਦਿੱਤੀ ਹੈ ਪਰ ਹਾਲੇ ਵਾਤਾਵਰਨ ਵਿਭਾਗ ਤੋਂ ਕਲੀਅਰੈਂਸ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸੁਖਨਾ ਕੈਚਮੈਂਟ ਏਰੀਆ ਅਧੀਨ ਆਉਣ ਕਰਕੇ ਈਕੋ ਸੰਵੇਦਨਸ਼ੀਲ ਜ਼ੋਨ ’ਚ ਆਉਂਦੀ ਹੈ। ਇਸੇ ਕਰਕੇ ਵਾਤਾਵਰਨ ਵਿਭਾਗ ਤੋਂ ਕਲੀਅਰੈਂਸ ਸਰਟੀਫਿਕੇਟ ਜਰੂਰੀ ਹੈ। ਹਰਿਆਣਾ ਦੇ ਅਧਿਕਾਰੀਆਂ ਨੇ ਅਗਲੀ ਮੀਟਿੰਗ ’ਚ ਸਰਟੀਫਿਕੇਟ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਜਿਕਰਯੋਗ ਹੈ ਕਿ 9 ਜੁਲਾਈ 2022 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਪੂਰ ’ਚ ਉੱਤਰ ਜ਼ੋਨਲ ਕੌਂਸਲ ਦੀ 30ਵੀਂ ਮੀਟਿੰਗ ’ਚ ਚੰਡੀਗੜ੍ਹ ’ਚ ਹਰਿਆਣਾ ਵਿਧਾਨ ਸਭਾ ਲਈ ਜਮੀਨ ਅਲਾਟ ਕਰਨ ਦਾ ਐਲਾਨ ਕੀਤਾ ਹੈ।