ਹਰਿਆਣਾ ਸਿੱਖ ਪੰਥਕ ਪਾਰਟੀ ਵੱਡੇ ਫ਼ਰਕ ਨਾਲ ਜਿੱਤੇਗੀ: ਸਰਨਾ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 13 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਹਰਿਆਣਾ ਸਿੱਖ ਪੰਥਕ ਪਾਰਟੀ ਦੇ ਸੂਬਾਈ ਚੋਣ ਇੰਚਾਰਜ ਪਰਮਜੀਤ ਸਿੰਘ ਸਰਨਾ ਅੱਜ ਇੱਥੇ ਪੁੱਜੇ। ਇੱਥੇ ਪੁੱਜਣ ’ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਾਰਡ ਨੰਬਰ 14 ਦੀ ਉਮੀਦਵਾਰ ਬੀਬੀ ਜਸਬੀਰ ਕੌਰ, ਸੀਨੀਅਰ ਆਗੂ ਤੇਜਿੰਦਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਮਸਾਣਾ, ਸੂਬਾਈ ਬੁਲਾਰੇ ਲਖਵਿੰਦਰ ਪਾਲ ਸਿੰਘ ਗਰੇਵਾਲ ਅਤੇ ਇੰਚਾਰਜ ਰਿਪੁਦਮਨ ਸਿੰਘ ਚੀਮਾ ਸਣੇ ਹੋਰ ਸਿੱਖ ਸੰਗਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੈਕਟਰ-3 ਪਹੁੰਚਣ ’ਤੇ ਪਰਮਜੀਤ ਸਿੰਘ ਸਰਨਾ ਦਾ ਸਿੱਖ ਭਾਈਚਾਰੇ ਵੱਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਰਨਾ ਨੇ ਕਿਹਾ ਕਿ 19 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਿੱਖ ਸੰਗਤ ਨੇ ਹਰਿਆਣਾ ਸਿੱਖ ਪੰਥਕ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ 19 ਜਨਵਰੀ ਨੂੰ ਸਿੱਖ ਸੰਗਤ ਉਮੀਦਵਾਰਾਂ ਨੂੰ ਢੋਲ ਦੇ ਚੋਣ ਨਿਸ਼ਾਨ ’ਤੇ ਬਟਨ ਦਬਾ ਕੇ ਜੇਤੂ ਬਣਾਏਗੀ। ਉਨ੍ਹਾਂ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਸਿੱਖ ਪੰਥਕ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਵੱਡੇ ਫਰਕ ਨਾਲ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਉਮੀਦਵਾਰਾਂ ਦੀ ਜਿੱਤ ਕਾਰਨ, ਸਿੱਖ ਭਾਈਚਾਰਾ ਹਰਿਆਣਾ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੀ ਤਰੱਕੀ ਦੇਖੇਗਾ। ਇਸ ਮੌਕੇ ਕੁਲਵੰਤ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ, ਕੈਪਟਨ ਗੁਲਜ਼ਾਰ ਸਿੰਘ, ਗੁਰੂ ਕ੍ਰਿਪਾਲ ਸਿੰਘ ਵਿਰਕ, ਜਸਬੀਰ ਕੌਰ, ਸੁਰਜੀਤ ਕੌਰ, ਮਨਪ੍ਰੀਤ ਕੌਰ, ਸ਼ੈਲੇਂਦਰ ਕੌਰ, ਪ੍ਰਭਜੀਤ ਕੌਰ, ਇੰਦਰਜੀਤ ਕੌਰ ਹਾਜ਼ਰ ਸਨ।
ਨੀਲਧਾਰੀ ਗੁਰਦੁਆਰਾ ਪਿੱਪਲੀ ਸਾਹਿਬ ਵਿੱਚ ਸਰਨਾ ਦਾ ਸਨਮਾਨ
ਇੱਥੇ ਨੀਲਧਾਰੀ ਗੁਰਦੁਆਰਾ ਪਿੱਪਲੀ ਸਾਹਿਬ ਪਹੁੰਚਣ ’ਤੇ ਪਰਮਜੀਤ ਸਿੰਘ ਸਰਨਾ ਅਤੇ ਵਾਰਡ ਨੰਬਰ 14 ਤੋਂ ਉਮੀਦਵਾਰ ਬੀਬੀ ਜਸਬੀਰ ਕੌਰ ਨੇ ਰਾਜਯੋਗੀ ਬਾਬਾ ਸਤਿਨਾਮ ਸਿੰਘ ਤੋਂ ਆਸ਼ੀਰਵਾਦ ਲਿਆ। ਇੱਥੇ ਪਹੁੰਚਣ ’ਤੇ ਪਰਮਜੀਤ ਸਿੰਘ ਸਰਨਾ ਅਤੇ ਬੀਬੀ ਜਸਬੀਰ ਕੌਰ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੈਕਟਰ-3 ਦੇ ਗੁਰਦੁਆਰੇ ਵਿੱਚ ਵੀ ਸ੍ਰੀ ਸਰਨਾ ਦਾ ਸਿੱਖ ਸੰਗਤ ਨੇ ਸਵਾਗਤ ਕੀਤਾ।