ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ: ਅਜਰਾਣਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਬਾਈ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਸੂਬਾ ਸਰਕਾਰ ਤੋਂ ਜਲਦ ਤੋਂ ਜਲਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕਾਰਜ ਵੱਖਰੀ ਕਮੇਟੀ ਸੁਚੱਜੇ ਢੰਗ ਨਾਲ ਕਰ ਰਹੀ ਹੈ। ਜਥੇਦਾਰ ਅਜਰਾਣਾ ਆਪਣੇ ਗ੍ਰਹਿ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮਗਰੋਂ ਬਣੀ ਐਡਹਾਕ ਕਮੇਟੀ ਦੇ ਮੁਕਾਬਲੇ ਸੰਗਤ ਵੱਲੋਂ ਚੁਣੀ ਕਮੇਟੀ ਹੋਰ ਵਧੀਆ ਢੰਗ ਨਾਲ ਸੇਵਾ ਸੰਭਾਲ ਕਰ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸਿੱਖ ਸੰਗਤ ਵੱਲੋਂ ਚੁਣੀ ਕਮੇਟੀ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਹੈ ਕਿ ਕਿ ਚੋਣਾਂ ਛੇਤੀ ਹੋਣ ਜਿਸ ਲਈ ਸੰਗਤ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਿੱਖ ਸੰਗਤ ਨੂੰ ਵੰਡ ਕੇ ਰਾਜਨੀਤੀ ਕਰਨ ਵਾਲੀਆਂ ਤਾਕਤਾਂ ਦੀ ਪੋਲ ਖੁੱਲ੍ਹ ਚੁੱਕੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਸੰਗਤ ਵੱਧ ਤੋਂ ਵੱਧ ਵੋਟਾਂ ਬਣਾਏ। ਸਰਕਾਰ ਨੇ ਪਹਿਲਾਂ ਨਾਂ ਦਰਜ ਕਰਾਉਣ ਲਈ ਸੌ ਰੁਪਏ ਫੀਸ ਮੁਆਫ਼ ਕਰ ਦਿੱਤੀ ਹੈ ਤੇ ਵੋਟਾਂ ਬਣਾਉਣ ਲਈ ਅਭਿਆਨ ਚਲਾਇਆ ਹੋਇਆ ਹੈ।