ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ: ਝੀਂਡਾ, ਨਲਵੀ ਤੇ ਕਿਆਮਪੁਰੀ ਦੀ ਜਿੱਤੇ, ਦਾਦੂਵਾਲ ਹਾਰੇ
ਆਤਿਸ਼ ਗੁਪਤਾ
ਚੰਡੀਗੜ੍ਹ, 19 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਲਈ ਪਹਿਲੀ ਵਾਰ 40 ਵਾਰਡਾਂ ਲਈ ਚੋਣ ਕੀਤੀ ਜਾ ਰਹੀ ਹੈ। ਅੱਜ ਐੱਚਐੱਸਜੀਐੱਮਸੀ ਲਈ 39 ਵਾਰਡਾਂ ਵਿੱਚ ਵੋਟਿੰਗ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ, ਜਦੋਂ ਕਿ ਵਾਰਡ ਨੰਬਰ-25 (ਟੋਹਾਣਾ) ਤੋਂ ਅਮਨਪ੍ਰੀਤ ਕੌਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਜਾ ਚੁੱਕੀ ਹੈ। ਅੱਜ 39 ਵਾਰਡਾਂ ਲਈ 398 ਪੋਲਿੰਗ ਬੂਥਾਂ ’ਤੋ ਵੋਟਿੰਗ ਹੋਈ। ਜਿੱਥੇ 350980 ਵੋਟਰਾਂ ਵਿੱਚੋਂ 245167 ਵੋਟਰਾਂ (69.85 ਫ਼ੀਸਦ) ਨੇ ਆਪਣੇ ਵੋਟ ਦੀ ਵਰਤੋਂ ਕੀਤੀ। ਚੋਣਾਂ ਵਿੱਚ ਪੰਥਕ ਦਲ (ਝੀਂਡਾ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸਿੱਥ ਸਮਾਜ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਥਕ ਦਲ (ਝੀਂਡਾ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਵਾਰਡ ਨੰਬਰ-18 (ਅਸੰਧ) ਤੋਂ 1941 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਵਿਰੋਧੀ ਬਲਕਾਰ ਸਿੰਘ ਨੂੰ ਹਰਾਇਆ। ਇਸੇ ਤਰ੍ਹਾਂ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਵਾਰਡ ਨੰਬਰ-13 (ਸ਼ਾਹਬਾਦ) ਤੋਂ 200 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ-10 (ਬਿਲਾਸਪੁਰ) ਤੋਂ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ 249 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਵਾਰਡ ਨੰਬਰ-35 (ਕਾਲਾਂਵਾਲੀ) ਤੋਂ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ 1771 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਲਾਂਵਲੀ ਤੋਂ ਐਡਵੋਕੇਟ ਬਿੰਦਰ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਹੈ।
ਕੈਥਲ ਤੇ ਗੂਹਲਾ ਵਾਰਡਾਂ ਤੋਂ ਝੀਂਡਾ ਗਰੁੱਪ ਦੇ ਉਮੀਦਵਾਰ ਜਿੱਤੇ
ਗੂਹਲਾ ਚੀਕਾ 02: ਵਾਰਡ ਨੰਬਰ 20 ਤੋਂ ਮੇਜਰ ਸਿੰਘ ਨੂੰ ਜਿੱਤ ਦਾ ਸਰਟੀਫਿਕੇਟ ਦਿੰਦੇ ਹੋਏ ਸ਼ਾਹਬਾਦ ਮਾਰਕੰਡਾ/ਗੂਹਲਾ ਚੀਕਾ (ਸਤਨਾਮ ਸਿੰਘ/ਰਾਮ ਕੁਮਾਰ ਮਿੱਤਲ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਸ਼ਾਂਤੀਪੂਰਨ ਨੇਪਰੇ ਚੜ੍ਹ ਗਈਆਂ। ਵੋਟਿੰਗ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਆਈ। ਕੈੱਥਲ ਜ਼ਿਲ੍ਹੇ ਵਿੱਚ ਝੀਂਡਾ ਗਰੁੱਪ ਨੇ ਜਿੱਤ ਪ੍ਰਾਪਤ ਕੀਤੀ ਹੈ। ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਸਿੱਖ ਸਮਾਜ ਦੇ ਦੀਦਾਰ ਸਿੰਘ ਨਲਵੀ ਨੇ 200 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ । ਦੀਦਾਰ ਸਿੰਘ ਨਲਵੀ ਨੂੰ 2485, ਬੇਅੰਤ ਸਿੰਘ ਨੂੰ 2286, ਮਨਜੀਤ ਸਿੰਘ ਨੂੰ 1519, ਕਰਤਾਰ ਸਿੰਘ ਨੂੰ 641, ਸੁਖਮੀਤ ਸਿੰਘ ਨੂੰ 380, ਸੱਜਣ ਸਿੰਘ ਨੂੰ 286 ਵੋਟ ਪ੍ਰਾਪਤ ਹੋਏ। ਕੈਥਲ ਜ਼ਿਲ੍ਹੇ ਵਿੱਚ ਕੁੱਲ ਤਿੰਨ ਵਾਰਡ ਬਣਾਏ ਗਏ ਸਨ। ਵਾਰਡ ਨੰਬਰ 20 ਗੂਹਲਾ ਤੋਂ ਜਗਦੀਸ਼ ਸਿੰਘ ਝੀਂਡਾ ਗਰੁੱਪ ਦੇ ਮੇਜਰ ਸਿੰਘ ਗੂਹਲਾ ਨੇ ਆਪਣੇ ਵਿਰੋਧੀ ਸੁਖਚੈਨ ਸਿੰਘ ਨੂੰ 857 ਵੋਟਾਂ ਨਾਲ ਹਰਾਇਆ। ਮੇਜਰ ਸਿੰਘ ਨੂੰ ਕੁੱਲ 2408 ਵੋਟਾਂ ਮਿਲੀਆਂ। ਇਸੇ ਗਰੁੱਪ ਦੇ ਬਲਦੇਵ ਸਿੰਘ ਹਾਬੜੀ ਨੇ ਵਾਰਡ ਨੰਬਰ 22 ਤੋਂ ਆਪਣੇ ਵਿਰੋਧੀ ਸੁਤੇਂਦਰ ਮਾਟਾ ਨੂੰ 1200 ਵੋਟਾਂ ਨਾਲ ਹਰਾਇਆ। ਇਸ ਦੌਰਾਨ ਵਾਰਡ ਨੰਬਰ 29 ਕੰਾਗਥਲੀ ਤੋਂ ਪੰਚਾਇਤੀ ਉਮੀਦਵਾਰ ਬਲਦੇਵ ਸਿੰਘ ਭਿੰਡਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਬਲਦੇਵ ਸਿੰਘ ਭਿੰਡਰ ਨੇ ਆਪਣੇ ਵਿਰੋਧੀ ਗੁਰਮੀਤ ਸਿੰਘ ਨੂੰ 238 ਵੋਟਾਂ ਨਾਲ ਹਰਾਇਆ। ਵੋਟਾਂ ਦੀ ਗਿਣਤੀ ਤੋਂ ਬਾਅਦ, ਸਾਰੇ ਜੇਤੂ ਮੈਂਬਰਾਂ ਨੂੰ ਸਰਟੀਫਿਕੇਟ ਦਿੱਤੇ ਗਏ ।ਵੋਟਿੰਗ ਦੌਰਾਨ, ਡੀਸੀ ਕੈਥਲ ਨੇ ਤਿੰਨਾਂ ਵਾਰਡਾਂ ਵਿੱਚ ਚੱਲ ਰਹੀ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ ਤਿੰਨ ਵਾਰਡਾਂ ਵਿੱਚ 12 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਇਸ ਦੌਰਾਨ ਗੂਹਲਾ ਦੇ ਵਾਰਡ ਨੰਬਰ 20 ਵਿੱਚ ਚੱਲ ਰਹੀ ਵੋਟਿੰਗ ਦੌਰਾਨ ਇੱਕ ਲਾੜੀ ਨੇ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਟਿਆਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਸਦਾ ਅੱਜ ਵਿਆਹ ਹੈ ਅਤੇ ਵਿਆਹ ਦੀ ਬਾਰਾਤ ਥੋੜ੍ਹੀ ਦੇਰ ਵਿੱਚ ਆ ਜਾਵੇਗੀ। ਪ੍ਰਭਜੋਤ ਕੌਰ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਵਿਆਹ ਤੋਂ ਪਹਿਲਾਂ ਵੋਟ ਪਾਉਣ ਦਾ ਆਪਣਾ ਫਰਜ਼ ਪੂਰਾ ਕਰਨਾ ਮਹੱਤਵਪੂਰਨ ਹੈ। ਪੋਲਿੰਗ ਸਟੇਸ਼ਨ ’ਤੇ ਮੌਜੂਦ ਵੋਟਰਾਂ ਨੇ ਉਸ ਦੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ।
ਏਲਨਾਬਾਦ (ਜਗਤਾਰ ਸਮਾਲਸਰ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰਬਰ 32 ਏਲਨਾਬਾਦ ਤੋਂ ਭਾਈ ਗੁਰਪਾਲ ਸਿੰਘ ਚੋਣ ਜਿੱਤ ਗਏ ਹਨ ਜਦੋਕਿ ਵਾਰਡ ਨੰਬਰ 31 ਰਾਣੀਆ ਤੋਂ ਹਰਜੀਤ ਸਿੰਘ ਉਰਫ਼ ਅੰਗਰੇਜ਼ ਸਿੰਘ ਨੇ ਸਿੱਧੇ ਮੁਕਾਬਲੇ ਵਿੱਚ ਬਲਜਿੰਦਰ ਸਿੰਘ ਨੂੰ ਹਰਾ ਦਿੱਤਾ।ਅੰਬਾਲਾ ਸ਼ਹਿਰ ਤੋਂ ਗੁਰਤੇਜ ਸਿੰਘ ਤੇ ਅੰਬਾਲਾ ਛਾਉਣੀ ਤੋਂ ਰੁਪਿੰਦਰ ਸਿੰਘ ਪੰਜੋਖਰਾ ਜਿੱਤੇ
ਅੰਬਾਲਾ (ਸਰਬਜੀਤ ਸਿੰਘ ਭੱਟੀ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅੱਜ ਅੰਬਾਲਾ ਸ਼ਹਿਰ ਤੋਂ ਗੁਰਤੇਜ ਸਿੰਘ ਅਤੇ ਅੰਬਾਲਾ ਛਾਉਣੀ ਤੋਂ ਰੁਪਿੰਦਰ ਸਿੰਘ ਪੰਜੋਖਰਾ ਨੇ ਜਿੱਤ ਪ੍ਰਾਪਤ ਕੀਤੀ। ਦੋਵਾਂ ਦੇ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਵਿੱਚ ਢੋਲ ਵਜਾਏ ਲੱਡੂ ਵੰਡੇ ਅਤੇ ਭੰਗੜੇ ਪਾਏ। ਜੇਤੂ ਉਮੀਦਵਾਰਾਂ ਨੇ ਇਸ ਦੌਰਾਨ ਗੁਰੂ-ਘਰਾਂ ਦਾ ਪ੍ਰਬੰਧ ਪੂਰੀ ਲਗਨ ਅਤੇ ਮਰਿਆਦਾ ਅਨੁਸਾਰ ਕਰਨ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵੀ ਵੱਡੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ। ਅੰਬਾਲਾ ਜ਼ਿਲ੍ਹੇ ਵਿੱਚ ਪੰਜ ਸਥਾਨਾਂ ’ਤੇ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਹਿਤ ਜ਼ਿਲ੍ਹੇ ਵਿੱਚ 54 ਬੂਥ ਬਣਾਏ ਗਏ ਸਨ। ਇਸ ਦੌਰਾਨ ਵਾਰਡ 3 ਨਰਾਇਣਗੜ੍ਹ ਵਿੱਚ ਗੁਰਜੀਤ ਸਿੰਘ ਧਮੋਲੀ ਨੇ ਗੁਰਦੀਪ ਸਿੰਘ ਕੁਲਾਰਦਪੁਰ ਨੂੰ 2014 ਹਰਾਇਆ। ਵਾਰਡ 4 ਬਰਾੜਾ ਵਿੱਚ ਰਜਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਮਾਨ, ਵਾਰਡ 5 ਅੰਬਾਲਾ ਛਾਉਣੀ-2 ਅਧੀਨ ਰੁਪਿੰਦਰ ਸਿੰਘ ਪੰਜੋਖਰਾ ਨੂੰ ਨੇ ਸੁਦਰਸ਼ਨ ਸਿੰਘ ਸਹਿਗਲ ਨੂੰ ਸ਼ਿਕਸਤ ਦਿੱਤੀ। ਵਾਰਡ 6 ਅੰਬਾਲਾ ਸ਼ਹਿਰ-1 ਅਧੀਨ ਗੁਰਤੇਜ ਸਿੰਘ ਨੂੰ 2617 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਮੁਕਾਬਲੇ ਵਿੱਚ ਦੂਜੇ ਨੰਬਰ ’ਤੇ ਰਹੇ ਗੁਰਦੀਪ ਸਿੰਘ ਭਾਨੂਖੇੜੀ ਨੂੰ 2459 ਵੋਟਾਂ ਮਿਲੀਆਂ ਅਤੇ ਇਸੇ ਤਰ੍ਹਾਂ ਵਾਰਡ 7 ਨੱਗਲ ਅਧੀਨ ਸੁਖਦੇਵ ਸਿੰਘ ਨੂੰ 1911 ਵੋਟਾਂ ਮਿਲੀਆਂ ਅਤੇ ਬਲਕਾਰ ਸਿੰਘ ਦੂਜੇ ਨੰਬਰ ’ਤੇ ਰਿਹਾ ਜਿਨ੍ਹਾਂ ਨੂੰ 1715 ਵੋਟਾਂ ਮਿਲੀਆਂ।