For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਰੋਡਵੇਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

09:38 AM May 02, 2024 IST
ਹਰਿਆਣਾ ਰੋਡਵੇਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ
ਯਮੁਨਾਨਗਰ ’ਚ ਮਜ਼ਦੂਰ ਦਿਵਸ ਮਨਾਉਂਦੇ ਹੋਏ ਹਰਿਆਣਾ ਰੋਡਵੇਜ਼ ਯੂਨੀਅਨ ਦੇ ਨੁਮਾਇੰਦੇ।
Advertisement

ਦਵਿੰਦਰ ਸਿੰਘ
ਯਮੁਨਾਨਗਰ, 1 ਮਈ
ਆਲ ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੰਬੋਜ ਦੀ ਅਗਵਾਈ ਹੇਠ ਰੋਡਵੇਜ਼ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜਿੰਦਰ ਕੰਬੋਜ ਨੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੇ ਆਪਣੇ ਮਜ਼ਬੂਤ ​ਹੱਥਾਂ ਨਾਲ ਅਮਰੀਕਾ ਦੇ ਵੱਡੇ-ਵੱਡੇ ਸ਼ਹਿਰ ਉਸਾਰੇ, ਸੜਕਾਂ ਅਤੇ ਰੇਲਵੇ ਪਟੜੀਆਂ ਦਾ ਜਾਲ ਵਿਛਾਇਆ, ਦਰਿਆਵਾਂ ਨੂੰ ਬੰਨ੍ਹ ਦਿੱਤਾ, ਗਗਨਚੁੰਬੀ ਇਮਾਰਤਾਂ ਬਣਾਈਆਂ ਅਤੇ ਦੁਨੀਆ ਭਰ ਦੇ ਸਰਮਾਏਦਾਰਾਂ ਨੂੰ ਐਸ਼ੋ-ਆਰਾਮ ਮੁਹੱਈਆ ਕਰਵਾਇਆ। ਉਸ ਸਮੇਂ ਅਮਰੀਕਾ ਵਿੱਚ ਕਾਮਿਆਂ ਨੂੰ 12 ਤੋਂ 18 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਕਰਕੇ ਬਹੁਤੇ ਮਜ਼ਦੂਰ ਆਪਣੀ ਜ਼ਿੰਦਗੀ ਦੇ 40 ਸਾਲ ਵੀ ਪੂਰੇ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਮਜ਼ਦੂਰਾਂ ਨੇ 1877 ਤੋਂ 1886 ਤੱਕ ਕਾਮਿਆਂ ਦੇ ਅੱਠ ਘੰਟੇ ਪ੍ਰਤੀ ਦਿਨ ਦੇ ਕੰਮ ਦੀ ਮੰਗ ਨੂੰ ਲੈ ਕੇ ਪੂਰੇ ਅਮਰੀਕਾ ਵਿੱਚ ਜਥੇਬੰਦ ਹੋਣਾ ਸ਼ੁਰੂ ਕਰ ਦਿੱਤਾ ਤੇ 1 ਮਈ 1886 ਨੂੰ ਅਮਰੀਕਾ ਭਰ ਦੇ ਲੱਖਾਂ ਮਜ਼ਦੂਰਾਂ ਨੇ ਇੱਕੋ ਸਮੇਂ ਹੜਤਾਲ ਸ਼ੁਰੂ ਕਰ ਦਿੱਤੀ। 11,000 ਫੈਕਟਰੀਆਂ ਦੇ ਘੱਟੋ-ਘੱਟ ਤਿੰਨ ਲੱਖ ਅੱਸੀ ਹਜ਼ਾਰ ਮਜ਼ਦੂਰ ਇਸ ਵਿੱਚ ਸ਼ਾਮਲ ਸਨ। ਇਸ ਦੌਰਾਨ ਸ਼ਿਕਾਗੋ ਮੈਟਰੋਪੋਲੀਟਨ ਖੇਤਰ ਦੇ ਆਲੇ ਦੁਆਲੇ ਦੀ ਸਾਰੀ ਰੇਲ ਆਵਾਜਾਈ ਠੱਪ ਹੋ ਗਈ ਅਤੇ ਸ਼ਿਕਾਗੋ ਦੀਆਂ ਜ਼ਿਆਦਾਤਰ ਫੈਕਟਰੀਆਂ ਅਤੇ ਵਰਕਸ਼ਾਪਾਂ ਬੰਦ ਹੋ ਗਈਆਂ। ਇਸ ਮੌਕੇ ਸੂਬਾ ਉਪ-ਪ੍ਰਧਾਨ ਧਰਮਿੰਦਰ ਕਾਦੀਆਂ, ਸੂਬਾ ਖਜ਼ਾਨਚੀ ਰਘੁਵੀਰ ਪੰਜਾਬੀ, ਡਿੱਪੂ ਸਕੱਤਰ ਪ੍ਰਦੀਪ ਸ਼ਰਮਾ, ਡਿੱਪੂ ਖਜ਼ਾਨਚੀ ਕਮਲ ਜੋਗੀ, ਦੇਵੇਂਦਰ ਮਹਿਤਾ, ਧਰਮਵੀਰ, ਕੁਲਦੀਪ, ਸੁਨੀਲ, ਮੇਹਰ ਸਿੰਘ, ਸੋਹਨ ਲਾਲ, ਰਾਮ ਲਾਲ, ਅੰਮ੍ਰਿਤ, ਸੁਸ਼ੀਲ, ਪਵਨ ਕੁਮਾਰ, ਮਨੀਸ਼ ਕੁਮਾਰ ਆਦਿ ਕਰਮਚਾਰੀ ਹਾਜ਼ਰ ਸਨ।

Advertisement

ਕਰਮਚਾਰੀਆਂ ਦਾ ਸਨਮਾਨ

ਨਵੀਂ ਦਿੱਲੀ (ਕੁਲਦੀਪ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੀ ਅਸੈਂਬਲੀ ਵਿਚ ‘ਕੌਮਾਂਤਰੀ ਮਜ਼ਦੂਰ ਦਿਵਸ’ ਮਨਾਇਆ ਗਿਆ। ਇਸ ਮੌਕੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਮੰਨਤ ਕੌਰ ਅਤੇ ਹਰਸਿਮਰਨ ਕੌਰ ਨੇ ਸਟੇਜ ਦਾ ਸੰਚਾਲਨ ਕੀਤਾ। ਇਨ੍ਹਾਂ ਵਿਦਿਆਰਥਣਾਂ ਨੇ ਦੱਸਿਆ ਕਿ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲਗਭਗ 80 ਦੇਸ਼ਾਂ ਦੇ ਵਿੱਚ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਦੇ ਸਨਮਾਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦਸਵੀਂ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ ਜਿੱਥੇ ਆਪਣੀ ਕਵਿਤਾ ਰਾਹੀਂ ਮਜ਼ਦੂਰ ਦਿਵਸ ਤੇ ਸਕੂਲ ਕਰਮਚਾਰੀਆਂ ਨੂੰ ਜੀ ਆਇਆ ਆਖਿਆ, ਉੱਥੇ ਦਸਵੀਂ ਦੀ ਹਰਸਿਫ਼ਤ ਕੌਰ ਨੇ ਵੀ ਆਪਣੀ ਕਵਿਤਾ ਰਾਹੀਂ ਮਜ਼ਦੂਰ ਦੇ ਦਰਦ ਨੂੰ ਬਿਆਨ ਕੀਤਾ। ਉਪਰੰਤ ਸਕੂਲ ਵਿਚ ਕੰਮ ਕਰਨ ਵਾਲੇ ਦਰਜਾ ਚਾਰ ਦੇ ਕਰਮਚਾਰੀਆਂ ਨੂੰ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ, ਸੀਨੀਅਰ ਅਧਿਆਪਕਾਂ ਰਮਿੰਦਰ ਕੌਰ, ਕੁਲਬੀਰ ਕੌਰ ਅਤੇ ਕੰਚਨ ਦੁਆਰਾ ਸਨਮਾਨਿਤ ਕੀਤਾ ਗਿਆ।

Advertisement
Author Image

joginder kumar

View all posts

Advertisement
Advertisement
×