ਹਰਿਆਣਾ ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ ਵੱਲੋਂ ਧਰਨਾ
ਪੱਤਰ ਪ੍ਰੇਰਕ
ਯਮੁਨਾਨਗਰ, 4 ਫਰਵਰੀ
ਹਰਿਆਣਾ ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ ਮੁੱਖ ਦਫ਼ਤਰ ਚਰਖੀ ਦਾਦਰੀ, ਕਰਨਾਲ ਯੂਨੀਅਨ ਦੇ ਸੱਦੇ ’ਤੇ ਵਰਕਰ ਯੂਨੀਅਨ ਜ਼ਿਲ੍ਹਾ ਕਮੇਟੀ ਯਮੁਨਾਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਸੈਣੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਨੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਅੱਜ ਦੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਸਕੱਤਰ ਪ੍ਰਦੀਪ ਕੁਮਾਰ, ਸੂਬਾ ਚੇਅਰਮੈਨ ਸਤਪਾਲ ਵਰਮਾ, ਸੂਬਾ ਖਜ਼ਾਨਚੀ ਬਲਰਾਜ ਰਾਣਾ ਅਤੇ ਸੂਬਾ ਸੰਗਠਨ ਸਕੱਤਰ ਪ੍ਰਦੀਪ ਕੁਮਾਰ ਨੇ ਕੀਤੀ । ਇਸ ਦੌਰਾਨ ਆਗੂਆਂ ਨੇ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੰਜਾਈ ਵਿਭਾਗ ਵੱਲੋਂ ਕੌਸ਼ਲ ਰੁਜ਼ਗਾਰ ਨਿਗਮ ਦੇ ਪੋਰਟਲ ’ਤੇ ਅਪਲੋਡ ਕੀਤੇ ਗਏ ਕਰਮਚਾਰੀਆਂ ਨੂੰ ਨੌਕਰੀ ’ਤੇ ਵਾਪਸ ਲਿਆ ਜਾਵੇ ਅਤੇ ਨਾਲ ਹੀ 21 ਸੂਤਰੀ ਮੰਗ ਪੱਤਰ ਵਿੱਚ ਜੋ ਮੰਗਾਂ ਸਰਕਾਰ ਨੂੰ ਭੇਜੀਆਂ ਗਈਆਂ ਹਨ, ਉਨ੍ਹਾਂ ਨੂੰ ਗੱਲਬਾਤ ਰਾਹੀਂ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ 15 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਥਾਈ ਕੀਤਾ ਜਾਵੇ, ਜਨ ਸਿਹਤ ਇੰਜਨੀਅਰਿੰਗ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸੇਵਾਮੁਕਤੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ, 25,500 ਰੁਪਏ ਦਾ ਗ੍ਰੇਡ ਪੇਅ ਦਿੱਤਾ ਜਾਵੇ, ਐੱਲਟੀਸੀ ਦੀ ਸਹੂਲਤ ਦਿੱਤੀ ਜਾਵੇ। ਅੱਜ ਵਿਰੋਧ ਪ੍ਰਦਰਸ਼ਨ ਵਿੱਚ ਆਦਿੱਤਿਆ, ਸਗੀਰ ਅਹਿਮਦ, ਹਰੀਸ਼, ਗੁਲਸ਼ੇਰ ਛਛਰੋਲੀ, ਧਰਮਵੀਰ, ਸੋਨੂੰ, ਅਨੁਰਾਗ ਰਾਣਾ, ਜਸਵੰਤ, ਕੁਲਵੰਤ ਸ਼ਰਮਾ ਮੌਜੂਦ ਸਨ।