ਔਰਤਾਂ ਦੀ ਕੁੱਟਮਾਰ: ਹਰਿਆਣਾ ਪੁਲੀਸ ਦੇ ਆਈਜੀ ਕਲਸਨ ਗ੍ਰਿਫ਼ਤਾਰ
ਪੰਚਕੂਲਾ 22, ਅਗਸਤ
ਇਥੇ ਪਿੰਜੌਰ ਕਾਰਪੋਰੇਸ਼ਨ ਜ਼ੋਨ ਦੀ ਰੱਤਪੁਰ ਕਲੋਨੀ ਵਿੱਚ ਆਈਜੀ ਹੇਮੰਤ ਕਲਸਨ ਨੇ ਸ਼ਰਾਬ ਦੇ ਨਸ਼ੇ ਵਿੱਚ ਦੋ ਔਰਤਾਂ ਨਾਲ ਕੁੱਟਮਾਰ ਕੀਤੀ। ਪੁਲੀਸ ਨੇ ਆਈਜੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਦੋ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਜਲੀ ਨਾਂ ਦੀ ਮਹਿਲਾ ਨੇ ਦੱਸਿਆ ਕਿ ਦੇਰ ਰਾਤ ਆਈਜੀ ਸ਼ਰਾਬ ਪੀ ਕੇ ਸਰਕਾਰੀ ਕਾਰ ਲੈ ਕੇ ਉਸਦੇ ਘਰ ਦੇ ਬਾਹਰ ਆਇਆ ਅਤੇ ਉਸਦੇ ਘਰ ਦੀ ਘੰਟੀ ਵਜਾਉਣ ਲੱਗਾ। ਗੇਟ ਖੋਲ੍ਹਣ ਤੋਂ ਬਾਅਦ ਆਈਜੀ ਘਰ ਅੰਦਰ ਦਾਖਲ ਹੋਇਆ ਤੇ ਉਸਦੀ ਲੜਕੀ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਲੋਕਾਂ ਨੇ ਲੜਕੀ ਨਾਲ ਬਦਸਲੂਕੀ ਕਰਦੇ ਹੋਏ ਆਈਜੀ ਦੀ ਵੀਡੀਓ ਵੀ ਬਣਾ ਲਈ, ਜਿਹੜੀ ਵਾਇਰਲ ਹੋ ਰਹੀ ਹੈ। ਅੰਜਲੀ ਨੇ ਦੱਸਿਆ ਕਿ ਉਸਦੀ ਧੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਲਸਨ ਨੇ ਉਸ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਆਈਜੀ ਨਜ਼ਦੀਕ ਵਾਲੇ ਮਕਾਨ ਦੇ ਘੰਟੀ ਬਜਾ ਕੇ ਉਨ੍ਹਾਂ ਦੇ ਘਰ ਅੰਦਰ ਵੜ ਗਿਆ ਅਤੇ ਉਸ ਦੀ ਗੁਆਂਢਣ ਅਤੇ ਉਸਦੇ ਪਤੀ ਨਾਲ ਕੁੱਟਮਾਰ ਕੀਤੀ। ਹੰਗਾਮੇ ਨੂੰ ਦੇਖ ਕੇ ਮੁਹੱਲੇ ਵਾਲੇ ਇਕੱਠੇ ਹੋ ਗਏ। ਇਸ ਮੌਕੇ ਗਜਿੰਦਰ ਸ਼ਰਮਾ, ਸਤਿੰਦਰ, ਨਵੀਨ ਆਦਿ ਨੇ ਦੱਸਿਆ ਕਿ ਆਈਜੀ ਹੇਮੰਤ ਕਲਸਨ ਇੱਕ ਸਰਕਾਰੀ ਕਾਰ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਲੋਕਾਂ ਨੂੰ ਵੇਖ ਕੇ ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਪਿੰਜੌਰ ਪੁਲੀਸ ਨੂੰ ਮੌਕੇ ’ਤੇ ਬੁਲਾਇਆ। ਏਐਸਆਈ ਆਨੰਦ ਉਥੇ ਪਹੁੰਚਿਆ। ਜਿਵੇਂ ਹੀ ਉਸਨੇ ਆਈਜੀ ਕਲਸਨ ਨੂੰ ਆਪਣੀ ਕਾਰ ਵਿੱਚ ਬਿਠਾਉਣਾ ਚਾਹਿਆ ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਊਨ੍ਹਾਂ ਕਿਹਾ ਕਿ ਪੁਲੀਸ ਨੂੰ ਆਈਜੀ ਨੂੰ ਸਰਕਾਰੀ ਜਿਪਸੀ ਵਿੱਚ ਲਿਜਾਣਾ ਚਾਹੀਦਾ ਹੈ ਤੇ ਉਸ ਦਾ ਮੈਡੀਕਲ ਕਰਾਇਆ ਜਾਣਾ ਚਾਹੀਦਾ ਹੈ। ਕਾਫ਼ੀ ਰੌਲੇ ਰੱਪ ਬਾਅਦ ਅਖੀਰ ਪੁਲੀਸ ਆਈਜੀ ਨੂੰ ਪਿੰਜੌਰ ਥਾਣੇ ਲੈ ਗਈ। ਲੋਕਾਂ ਦੀ ਭੀੜ ਆਈਜੀ ਦਾ ਮੈਡੀਕਲ ਕਰਵਾਉਣ ਅਤੇ ਕੇਸ ਦਰਜ ਕਰਨ ਤੇ ਅੜੀ ਰਹੀ। ਲੋਕਾਂ ਨੇ ਦੱਸਿਆ ਕਿ ਆਈਜੀ ਪੰਚਕੂਲਾ ਰਹਿੰਦਾ ਹੈ ਪਰ ਰੱਤਪੁਰ ਵਿੱਚ ਵੀ ਉਸ ਦੇ ਦੋ ਤਿੰਨ ਘਰ ਹਨ। ਅਖੀਰ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਬਾਅਦ ਪੁਲੀਸ ਨੇ ਆਈਜੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਦੋ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੰਚਕੂਲਾ ਦੇ ਡੀਸੀਪੀ ਮੋਹਿਤ ਹਾਂਡਾ ਨੇ ਦੱਸਿਆ ਕਿ ਕਈ ਮਹਿਲਾਵਾਂ ਵੱਲੋਂ ਆਈਜੀ ਖਿਲਾਫ਼ ਸ਼ਿਕਾਇਤਾਂ ਮਿਲੀਆਂ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।