ਹਰਿਆਣਾ: ਪੰਥਕ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਬਣਾਉਣ ਦਾ ਐਲਾਨ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 29 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਵੀਰ ਕੌਰ ਦੀ ਦੂਜੀ ਬਰਸੀ ਮੌਕੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਦਾਦੂ ਵਿੱਚ ਪੰਥਕ ਇਕੱਠ ਹੋਇਆ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਥਕ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ ’ਤੇ ਲੜਨ ਅਤੇ ਸਿੱਖ ਸੰਗਤ ਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਗਠਨ ਦਾ ਐਲਾਨ ਕੀਤਾ। ਪੰਥਕ ਇਕੱਠ ਵੱਲੋਂ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਸਿੱਖ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਅਰਦਾਸ ਕਰਨ ਉਪਰੰਤ 15 ਦਿਨਾਂ ਵਿੱਚ ਪ੍ਰਧਾਨ ਦਾ ਐਲਾਨ ਕਰਨਗੇ। ਇਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ। ਇਸ ਦੌਰਾਨ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਪ੍ਰਸਿੱਧ ਵਿਦਵਾਨ ਡਾ. ਸੁਰਿੰਦਰ ਸਿੰਘ ਗਿੱਲ ਯੂਐੱਸਏ ਨੇ ਮਾਤਾ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਯਾਦਗਾਰੀ ਪੰਥਕ ਇਕੱਠ ਵਿੱਚ ਸੰਤ ਰਜਿੰਦਰ ਸਿੰਘ ਇਸਰਾਣਾ ਸਾਹਿਬ, ਸੰਤ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ, ਸੰਤ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਸੰਤ ਪਵਿੱਤਰ ਸਿੰਘ ਖਨੌਰੀ, ਸੰਤ ਬਰਿੰਦਰ ਸਿੰਘ ਜਗਮਾਲਵਾਲੀ, ਸੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਤੇ ਹੋਰ ਹਾਜ਼ਰ ਸਨ।