Haryana news ਨਾਇਬ ਸੈਣੀ ਮੁੱਖ ਮੰਤਰੀ ਬਣਨ ਮਗਰੋਂ ਹੁਣ ਤੱਕ ਉੱਡਣ ਖਟੋਲੇ ’ਤੇ ਸਵਾਰ: ਵਿੱਜ
ਸਰਬਜੀਤ ਸਿੰਘ ਭੱਟੀ
ਅੰਬਾਲਾ, 31 ਜਨਵਰੀ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਹਨ, ਉਹ ਉੱਡਣ ਖਟੋਲੇ ਤੋਂ ਹੇਠਾਂ ਹੀ ਨਹੀਂ ਉਤਰੇ। ਇਹ ਕੇਵਲ ਮੇਰੀ ਹੀ ਨਹੀਂ, ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਵੀ ਆਵਾਜ਼ ਹੈ।’ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਜ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ’ਤੇ ਹਮਲਾ ਵੀ ਹੋਇਆ, ਪਰ ਨਾਇਬ ਸੈਣੀ ਸਰਕਾਰ ਬਣਿਆਂ ਨੂੰ 100 ਦਿਨਾਂ ਤੋਂ ਵੱਧ ਹੋ ਗਏ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ, ‘‘ਹੁਣ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਜੇ ਅੰਬਾਲਾ ਛਾਉਣੀ ਦੇ ਕੰਮ ਰੁਕਣਗੇ, ਤਾਂ ਮੈਂ ਜ਼ਰੂਰੀ ਕਦਮ ਚੁੱਕਾਂਗਾ, ਚਾਹੇ ਅੰਦੋਲਨ ਕਰਨਾ ਪਏ, ਜਾਨ ਦੇਣੀ ਪਏ ਜਾਂ ਭੁੱਖ ਹੜਤਾਲ ਕਰਨੀ ਪਏ।’’ ਵਿਜ ਨੇ ਕਿਹਾ, ‘‘ਮੈਨੂੰ ਪਹਿਲਾਂ ਸ਼ੱਕ ਸੀ ਕਿ ਕਿਸੇ ਵੱਡੇ ਆਗੂ ਦਾ ਹੱਥ ਹੈ, ਪਰ ਹੁਣ ਯਕੀਨ ਹੋ ਗਿਆ। ਜੇ ਕਾਰਵਾਈ ਨਹੀਂ ਹੋਈ, ਤਾਂ ਘੱਟੋ-ਘੱਟ ਤਬਾਦਲਾ ਤਾਂ ਕਰਨਾ ਚਾਹੀਦਾ ਸੀ। ਹੁਣ ਉਨ੍ਹਾਂ ’ਤੇ ਕਾਰਵਾਈ ਹੋਵੇ ਜਾਂ ਨਾ, ਮੈਨੂੰ ਕੋਈ ਪਰਵਾਹ ਨਹੀਂ।’’