ਹਰਿਆਣਾ: ਨਵੇਂ ਵਿਧਾਇਕ 25 ਨੂੰ ਲੈਣਗੇ ਹਲਫ਼
ਆਤਿਸ਼ ਗੁਪਤਾ
ਚੰਡੀਗੜ੍ਹ, 21 ਅਕਤੂਬਰ
ਹਰਿਆਣਾ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਸਾਰੇ ਵਿਧਾਇਕ 25 ਅਕਤੂਬਰ ਨੂੰ ਹਲਫ਼ ਲੈਣਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਅਸੈਂਬਲੀ ਦਾ ਪਹਿਲਾ ਸੈਸ਼ਨ ਸੱਦ ਲਿਆ ਹੈ। ਸੈਸ਼ਨ ਦੀ ਅਗਵਾਈ ਲਈ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਰਘੁਬੀਰ ਸਿੰਘ ਕਾਦਿਆਨ ਨੂੰ ਪ੍ਰੋਟੈੱਮ ਸਪੀਕਰ ਬਣਾਇਆ ਗਿਆ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ 25 ਅਕਤੂਬਰ ਨੂੰ ਸਵੇਰੇ 10 ਵਜੇ ਰਘੁਬੀਰ ਸਿੰਘ ਕਾਦਿਆਨ ਨੂੰ ਪ੍ਰੋਟੈੱਮ ਸਪੀਕਰ ਵਜੋਂ ਸਹੁੰ ਚੁਕਾਉਣਗੇ। ਉਪਰੰਤ ਪ੍ਰੋਟੈੱਮ ਸਪੀਕਰ ਵੱਲੋਂ ਮੁੱਖ ਮੰਤਰੀ ਸਣੇ ਸਾਰੇ ਵਿਧਾਇਕਾਂ ਨੂੰ ਹਲਫ਼ ਦਿਵਾਇਆ ਜਾਵੇਗਾ। ਇਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਪਈਆਂ ਸਨ ਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਗਏ ਸਨ। ਅਸੈਂਬਲੀ ਦੀਆਂ 90 ਸੀਟਾਂ ਵਿੱਚੋਂ ਭਾਜਪਾ ਨੇ 48, ਕਾਂਗਰਸ ਨੇ 37, ਇਨੈਲੋ ਨੇ 2 ਅਤੇ ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਾਇਬ ਸਿੰਘ ਸੈਣੀ ਨੇ 18 ਅਕਤੂਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸੈਣੀ ਨੇ 18 ਅਕਤੂਬਰ ਨੂੰ ਸੱਦੀ ਕੈਬਨਿਟ ਮੀਟਿੰਗ ਵਿੱਚ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ।