For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਤਿੰਨ ਸਿਆਸੀ ਘਰਾਣਿਆਂ ਦੇ ਦਰਜਨ ਤੋਂ ਵੱਧ ਮੈਂਬਰ ਚੋਣ ਮੈਦਾਨ ਵਿੱਚ ਨਿੱਤਰੇ

08:17 AM Sep 23, 2024 IST
ਹਰਿਆਣਾ  ਤਿੰਨ ਸਿਆਸੀ ਘਰਾਣਿਆਂ ਦੇ ਦਰਜਨ ਤੋਂ ਵੱਧ ਮੈਂਬਰ ਚੋਣ ਮੈਦਾਨ ਵਿੱਚ ਨਿੱਤਰੇ
ਅਭੈ ਸਿੰਘ ਚੌਟਾਲਾ, ਦੁਸ਼ਿਅੰਤ ਸਿੰਘ ਚੌਟਾਲਾ, ਸ਼ਰੁਤੀ ਚੌਧਰੀ, ਚੰਦਰਮੋਹਨ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 22 ਸਤੰਬਰ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਚੋਣ ਪਿੜ ਭਖ ਗਿਆ ਹੈ। ਇਸੇ ਦੌਰਾਨ ਹਰਿਆਣਾ ਵਿੱਚ ਤਿੰਨੇ ਵੱਡੇ ਸਿਆਸੀ ਘਰਾਣਿਆਂ ਦੇ 13 ਮੈਂਬਰ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ, ਜਿਨ੍ਹਾਂ ਵਿੱਚੋਂ ਕਈ ਤਾਂ ਇਕ-ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ ਜਿਸ ਕਾਰਨ ਇਹ ਚੋਣਾਂ ਹੋਰ ਵੀ ਦਿਲਚਸਪ ਬਣ ਗਈਆਂ ਹਨ। ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਪਰਿਵਾਰ ਦੇ 8, ਸਾਬਕਾ ਮੁੱਖ ਮੰਤਰੀ ਭਜਨ ਲਾਲ ਪਰਿਵਾਰ ਦੇ 3 ਅਤੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਪਰਿਵਾਰ ਦੇ 2 ਮੈਂਬਰ ਚੋਣ ਮੈਦਾਨ ਵਿੱਚ ਹਨ।
ਜ਼ਿਕਰਯੋਗ ਹੈ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ 8 ਪਰਿਵਾਰਕ ਮੈਂਬਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਇਕੱਠੇ ਉੱਤਰੇ ਹਨ। ਇਸ ਕਾਰਨ ਚੌਧਰੀ ਦੇਵੀ ਲਾਲ ਪਰਿਵਾਰ ਦੀ ਸਾਖ਼ ਵੀ ਦਾਅ ’ਤੇ ਲੱਗੀ ਹੋਈ ਹੈ। ਚੌਧਰੀ ਦੇਵੀ ਲਾਲ ਦੇ ਪੋਤੇ ਅਭੈ ਸਿੰਘ ਚੌਟਾਲਾ ਇਨੈਲੋ ਵੱਲੋਂ ਏਲਨਾਬਾਅਦ ਅਤੇ ਦੂਜੇ ਪੋਤੇ ਅਜੈ ਸਿੰਘ ਚੌਟਾਲਾ ਦੇ ਪੁੱਤ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਉਚਾਣਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ। ਦਿੱਗਵਿਜੈ ਚੌਟਾਲਾ ਜੇਜੇਪੀ ਤੇ ਏਐੱਸਪੀ ਗੱਠਜੋੜ ਵੱਲੋਂ ਹਲਕਾ ਡੱਬਵਾਲੀ ਤੋਂ ਚੋਣ ਲੜ ਰਿਹਾ ਹੈ। ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਹੀ ਦੇਵੀ ਲਾਲ ਦਾ ਪੋਤਾ ਅਦਿੱਤਿਆ ਚੌਟਾਲਾ ਇਨੈਲੋ ਅਤੇ ਅਮਿਤ ਚੌਟਾਲਾ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ। ਹਲਕਾ ਡੱਬਵਾਲੀ ਤੋਂ ਇਕੋਂ ਪਰਿਵਾਰ ਦੇ ਤਿੰਨ ਜੀਅ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਵਿਧਾਨ ਸਭਾ ਹਲਕਾ ਰਾਣੀਆਂ ਤੋਂ ਚੌਧਰੀ ਦੇਵੀ ਲਾਲ ਦੇ ਪੋਤੇ ਅਭੈ ਸਿੰਘ ਚੌਟਾਲਾ ਦਾ ਪੁੱਤ ਅਰਜੁਨ ਚੌਟਾਲਾ ਇਨੈਲੋ ਵੱਲੋਂ ਚੋਣ ਮੈਦਾਨ ਵਿੱਚ ਉਤਰਿਆ ਹੋਇਆ ਹੈ, ਦੂਜੇ ਪਾਸੇ ਦੇਵੀ ਲਾਲ ਦਾ ਪੁੱਤ ਰਣਜੀਤ ਸਿੰਘ ਚੌਟਾਲਾ ਆਜ਼ਾਦ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਹਲਕਾ ਫਤਿਆਬਾਦ ਤੋਂ ਸੁਨੈਨਾ ਚੌਟਾਲਾ ਇਨੈਲੋ ਵੱਲੋਂ ਚੋਣ ਲੜ ਰਹੀ ਹਨ। ਉਹ ਚੌਧਰੀ ਦੇਵੀ ਲਾਲ ਦੇ ਪੁੱਤ ਪ੍ਰਤਾਪ ਸਿੰਘ ਦੀ ਨੂੰਹ ਹਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦਾ ਪੁੱਤ ਚੰਦਰਮੋਹਨ ਹਲਕਾ ਪੰਚਕੂਲਾ ਤੋਂ ਕਾਂਗਰਸ ਵੱਲੋਂ ਚੋਣ ਲੜ ਰਿਹਾ ਹੈ। ਇਸ ਤੋਂ ਪਹਿਲਾਂ ਚੰਦਰਮੋਹਨ ਹਰਿਆਣਾ ਦਾ ਉਪ ਮੁੱਖ ਮੰਤਰੀ ਵੀ ਰਿਹਾ ਹੈ ਅਤੇ ਵਿਧਾਨ ਸਭਾ ਹਲਕਾ ਕਾਲਕਾ ਤੋਂ ਤਿੰਨ ਵਾਰ ਵਿਧਾਇਕ ਰਿਹਾ ਹੈ। 2019 ਵਿੱਚ ਚੰਦਰਮੋਹਨ ਨੇ ਪੰਚਕੂਲਾ ਤੋਂ ਕਾਂਗਰਸ ਦੀ ਟਿਕਟ ’ਤੇ ਹੀ ਚੋਣ ਲੜੀ ਸੀ, ਪਰ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਤੋਂ ਹਾਰ ਗਏ ਸਨ। ਭਜਨ ਲਾਲ ਦਾ ਭਤੀਜਾ ਦਾਰੂ ਰਾਮ ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਫਤਿਆਬਾਦ ਤੋਂ ਚੋਣ ਲੜ ਰਿਹਾ ਹੈ, ਜੋ ਕਿ ਦੋ ਵਾਰ ਪਹਿਲਾਂ ਵਿਧਾਨ ਸਭਾ ਦੀ ਚੋਣ ਜਿੱਤ ਵੀ ਚੁੱਕਿਆ ਹੈ। ਇਸੇ ਦੌਰਾਨ ਭਜਨ ਲਾਲ ਦਾ ਪੋਤਾ ਅਤੇ ਕੁਲਦੀਪ ਬਿਸ਼ਨੋਈ ਦਾ ਪੁੱਤ ਭਵਿਆ ਬਿਸ਼ਨੋਈ ਵੀ ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਚੋਣ ਲੜ ਰਿਹਾ ਹੈ। ਸਾਬਕਾ ਮੁੱਖ ਮੰਤਰੀ ਬੰਸੀ ਲਾਲ ਪਰਿਵਾਰ ਤੋਂ ਵੀ 2 ਜਣੇ ਚੋਣ ਮੈਦਾਨ ਵਿੱਚ ਹਨ। ਇਹ ਦੋਵੇਂ ਜਣੇ ਚਚੇਰੇ ਭੈਣ ਭਰਾ ਹੈ ਜੋ ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਇਕ-ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤਰੀ ਸ਼ਰੁਤੀ ਚੌਧਰੀ ਚੋਣ ਲੜ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਅਨਿਰੁੱਧ ਚੌਧਰੀ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ। ਇਨ੍ਹਾਂ ਤਿੰਨਾਂ ਪਰਿਵਾਰਾਂ ਦੀ ਕਿਸਮਤ ਦਾ ਫੈਸਲਾ 5 ਅਕਤੂਬਰ ਨੂੰ ਹੋਵੇਗਾ।

Advertisement

Advertisement
Advertisement
Author Image

Advertisement