ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਜਿਨਸੀ ਸੋਸ਼ਣ ਦਾ ਦੋਸ਼ ਲਾਉਣ ਵਾਲੀ ਕੋਚ ਮੁਅੱਤਲ
ਚੰਡੀਗੜ੍ਹ, 16 ਅਗਸਤ
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੂੰ ਕਥਿਤ ਤੌਰ ’ਤੇ ਅਨੁਸ਼ਾਸ਼ਨ ਤੋੜਨ ਦੇ ਮਾਮਲੇ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਹਰਿਆਣਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ 11 ਅਗਸਤ ਨੂੰ ਜਾਰੀ ਕੀਤੇ ਸਨ। ਹਾਲਾਂਕਿ ਮੁਅੱਤਲੀ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਸ ਦੀਆਂ ਸੇਵਾਵਾਂ ਕਥਿਤ ਅਨੁਸ਼ਾਸਨਹੀਣਤਾ ਅਤੇ ਸੇਵਾ ਆਚਰਣ ਨਿਯਮਾਂ ਦੀ ਉਲੰਘਣਾ ਕਾਰਨ ਮੁਅੱਤਲ ਕੀਤੀਆਂ ਗਈਆਂ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ, ‘ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰੰਤ ਮੁਅੱਤਲ ਕੀਤੀਆਂ ਗਈਆਂ ਹਨ।’ ਇਸ ਦੌਰਾਨ ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਭਾਵੇਂ ਉਸ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣ ਤਾਂ ਵੀ ਉਹ ਕੇਸ ਲੜਦੀ ਰਹੇਗੀ। ਉਸ ਨੇ ਕਿਹਾ ਕਿ ਉਹ ਆਪਣੀ ਨਾਜਾਇਜ਼ ਮੁਅੱਤਲੀ ਵਿਰੁੱਧ ਅਦਾਲਤ ਵਿੱਚ ਜਾਣ ਬਾਰੇ ਵਿਚਾਰ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਦਬਾਅ ਕੌਣ ਪਾ ਰਿਹਾ ਹੈ, ਤਾਂ ਉਸਨੇ ਕਿਹਾ ਕਿ ਮੀਡੀਆ ਸਭ ਕੁਝ ਜਾਣਦਾ ਹੈ।