ਹਰਿਆਣਾ: ਜੇਜੇਪੀ ਤੇ ਏਐੱਸਪੀ ਵੱਲੋਂ ਮੈਨੀਫੈਸਟੋ ਜਾਰੀ
ਪ੍ਰਭੂ ਦਿਆਲ
ਸਿਰਸਾ, 29 ਸਤੰਬਰ
ਜਨਨਾਇਕ ਜਨਤਾ ਪਾਰਟੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਜਨ ਸੇਵਾ ਪੱਤਰ’ ਦੇ ਨਾਂ ਨਾਲ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਐਤਵਾਰ ਨੂੰ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਏਐਸਪੀ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਸਿਰਸਾ ਵਿੱਚ ਗੱਠਜੋੜ ਦਾ ਮੈਨੀਫੈਸਟੋ ਪੇਸ਼ ਕੀਤਾ। ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਦੁਸ਼ਿਅੰਤ ਚੌਟਾਲਾ ਅਤੇ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਜੇਜੇਪੀ-ਏਐਸਪੀ ਨੇ ਗਰੀਬਾਂ, ਕਿਸਾਨਾਂ, ਗਰੀਬਾਂ, ਔਰਤਾਂ ਆਦਿ ਸਮੇਤ ਸਮਾਜ ਦੇ ਹਰ ਵਰਗ ਲਈ 112 ਵਾਅਦੇ ਕੀਤੇ ਹਨ ਜੋ ਹਰਿਆਣਾ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਾਹ ਖੋਲ੍ਹਣਗੇ। ਸਾਬਕਾ ਡਿਪਟੀ ਸੀਐਮ ਨੇ ਕਿਹਾ ਕਿ ਸਰਕਾਰ ਬਣਦੇ ਹੀ ਉਹ 24 ਘੰਟਿਆਂ ਦੇ ਅੰਦਰ ਬੁਢਾਪਾ ਪੈਨਸ਼ਨ ਵਧਾ ਕੇ 5100 ਰੁਪਏ ਕਰ ਕੇ ਬਜ਼ੁਰਗਾਂ ਦਾ ਸਨਮਾਨ ਕਰਨ ਦਾ ਵਾਅਦਾ ਪੂਰਾ ਕਰਨਗੇ। ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੀਤੀ ਨੂੰ ਬਹਾਲ ਕੀਤਾ ਜਾਵੇਗਾ।
ਬੇਰੁਜ਼ਗਾਰ ਨੌਜਵਾਨਾਂ ਲਈ 11 ਹਜ਼ਾਰ ਭੱਤਾ ਦੇਣ ਦਾ ਵਾਅਦਾ
ਨੌਜਵਾਨਾਂ ਲਈ ਕਈ ਵੱਡੇ ਐਲਾਨ ਕਰਦੇ ਹੋਏ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜੇਜੇਪੀ-ਏਐਸਪੀ 75 ਫੀਸਦੀ ਰੁਜ਼ਗਾਰ ਕਾਨੂੰਨ ਲਈ ਸੁਪਰੀਮ ਕੋਰਟ ਵਿੱਚ ਵਕਾਲਤ ਕਰੇਗੀ ਅਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 11,000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਪੇਂਡੂ ਬੱਚਿਆਂ ਨੂੰ ਨੌਕਰੀਆਂ ਅਤੇ ਉਚੇਰੀ ਸਿੱਖਿਆ ਵਿੱਚ ਦਾਖ਼ਲੇ ਲਈ ਪੰਜ ਵਾਧੂ ਅੰਕ ਦਿੱਤੇ ਜਾਣਗੇ।