ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਕੇਰਲ ਨੇ ਸਥਾਪਨਾ ਦਿਵਸ ਮਨਾਏ
ਬੰਗਲੂਰੂ/ਭੋਪਾਲ, 1 ਨਵੰਬਰ
ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਦੇ ਲੋਕਾਂ ਨੇ ਅੱਜ ਆਪੋ-ਆਪਣੇ ਸੂਬੇ ਦਾ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਆਗੂਆਂ ਨੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ।
1956 ਵਿੱਚ ਅੱਜ ਦੇ ਦਿਨ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਲਕਸ਼ਦੀਪ ਹੋਂਦ ਵਿੱਚ ਆਏ ਸਨ। ਅੱਜ ਦੇ ਦਿਨ ਹੀ 1966 ਵਿੱਚ ਪੰਜਾਬ ਅਤੇ ਹਰਿਆਣਾ ਵੱਖ-ਵੱਖ ਹੋਏ ਸਨ, ਜਦਕਿ 2000 ਵਿੱਚ ਛੱਤੀਸਗੜ੍ਹ ਨੂੰ ਮੱਧ ਪ੍ਰਦੇਸ਼ ਤੋਂ ਵੱਖ ਕਰਕੇ ਅਲੱਗ ਸੂਬਾ ਬਣਾਇਆ ਗਿਆ ਸੀ। ਮੁਰਮੂ ਨੇ ਇਸ ਬਾਰੇ ਐਕਸ ’ਤੇ ਕਿਹਾ, “ਮੈਂ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਤਾਮਿਲ ਨਾਡੂ, ਪੁਡੂਚੇਰੀ ਅਤੇ ਲਕਸ਼ਦੀਪ ਦੇ ਲੋਕਾਂ ਨੂੰ ਵਧਾਈ ਦਿੰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਕਿ ਇਨ੍ਹਾਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਦੇਸ਼ ਦੀ ਵਿਕਾਸ ਯਾਤਰਾ ਵਿਚ ਯੋਗਦਾਨ ਪਾਉਂਦੇ ਰਹਿਣ ਅਤੇ ਉਨ੍ਹਾਂ ਦਾ ਜੀਵਨ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰਿਆ ਰਹੇ।’ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਉਨ੍ਹਾਂ ਦੇ ਰਾਜਾਂ ਦੇ ਸਥਾਪਨਾ ਦਿਵਸ ’ਤੇ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਇਹ ਸੂਬੇ ਆਉਣ ਵਾਲੇ ਸਾਲਾਂ ’ਚ ਤਰੱਕੀ ਅਤੇ ਵਿਕਾਸ ਦੀ ਯਾਤਰਾ ਨਿਰੰਤਰ ਜਾਰੀ ਰੱਖਣਗੇ। ਬੰਗਲੂਰੂ ਦੇ ਸ੍ਰੀ ਕਾਂਤੀਰਵਾ ਸਟੇਡੀਅਮ ਵਿੱਚ 69ਵੇਂ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕਰਨਾਟਕ ਨਾਲ ਬੇਇਨਸਾਫੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਕੇਂਦਰੀ ਟੈਕਸ ਮਾਲੀਏ ਵਿੱਚ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾ ਰਿਹਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ 55,000 ਕਰੋੜ ਤੋਂ 60,000 ਕਰੋੜ ਰੁਪਏ ਹੀ ਮਿਲ ਰਹੇ ਹਨ।
ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਦੇ 68ਵੇਂ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਛੱਤੀਸਗੜ੍ਹ ਵਿੱਚ ਨਵਾ ਰਾਏਪੁਰ ਅਟਲ ਨਗਰ ਵਿੱਚ 4 ਤੋਂ 6 ਨਵੰਬਰ ਤੱਕ ਤਿੰਨ ਰੋਜ਼ਾ ਸਮਾਗਮ ਕਰਵਾਇਆ ਜਾਵੇਗਾ। ਇਸ ਦੌਰਾਨ ਰਾਜਪਾਲ ਰਾਮੇਨ ਡੇਕਾ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਛੱਤੀਸਗੜ੍ਹ ਨੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪਛਾਣ ਬਣਾਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸੂਬੇ ਦੇ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ। -ਪੀਟੀਆਈ
ਮੋਦੀ ਨੇ ਵੀ ਦਿੱਤੀਆਂ ਸ਼ੁੱਭਕਾਮਨਾਵਾਂ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਹਰਿਆਣਾ ਅਤੇ ਛੱਤੀਸਗੜ੍ਹ ਦੇ ਸਥਾਪਨਾ ਦਿਵਸ ਮੌਕੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ‘ਐਕਸ’ ਉੱਤੇ ਕਿਹਾ, ‘ਆਪਣੀ ਅਮੀਰ ਇਤਿਹਾਸਕ ਵਿਰਾਸਤ ਲਈ ਜਾਣੇ ਜਾਂਦੇ ਹਰਿਆਣਾ ਨੇ ਦੇਸ਼ ਦੇ ਵਿਕਾਸ ਵਿੱਚ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ। ਸੂਬੇ ਦੇ ਸਥਾਪਨਾ ਦਿਵਸ ਮੌਕੇ ਇੱਥੋਂ ਦੀ ਤਰੱਕੀ ਵਿੱਚ ਹਿੱਸਾ ਲੈਣ ਵਾਲੇ ਮੇਰੇ ਸਾਰੇ ਭੈਣਾਂ-ਭਰਾਵਾਂ ਨੂੰ ਦਿਲੋਂ ਵਧਾਈ ਦਿੰਦਿਆਂ ਮੈਂ ਉਨ੍ਹਾਂ ਦੀ ਖੁਸ਼ਹਾਲੀ, ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’ ਇਸੇ ਤਰ੍ਹਾਂ ਉਨ੍ਹਾਂ ਮੱਧ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਸੂਬਿਆਂ ਦੀ ਤਰੱਕੀ ਦੀ ਕਾਮਨਾ ਕੀਤੀ। -ਪੀਟੀਆਈ